‘ਐਨ.ਆਰ.ਆਈ. ਬੱਚਿਆਂ ਦੇ ਬਜ਼ੁਰਗ ਮਾਪੇ ਬੁਢਾਪੇ ਦੌਰਾਨ ਇਕਲਾਪਾ ਹੰਢਾਉਣ ਲਈ ਮਜਬੂਰ’
ਪੰਜਾਬ ਦਾ ਨੌਜਵਾਨ ਵਰਗ ਸੁਨਹਿਰੇ ਭਵਿੱਖ ਦੀ ਤਲਾਸ਼ ਵਿਚ ਹਰ ਸਾਲ ਵਿਦੇਸ਼ੀ ਧਰਤੀਆਂ ਵਲ ਹਜ਼ਾਰਾਂ ਦੀ
ਸੰਗਰੂਰ, 22 ਜੁਲਾਈ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਦਾ ਨੌਜਵਾਨ ਵਰਗ ਸੁਨਹਿਰੇ ਭਵਿੱਖ ਦੀ ਤਲਾਸ਼ ਵਿਚ ਹਰ ਸਾਲ ਵਿਦੇਸ਼ੀ ਧਰਤੀਆਂ ਵਲ ਹਜ਼ਾਰਾਂ ਦੀ ਗਿਣਤੀ ਵਿਚ ਹਿਜਰਤ ਕਰਦਾ ਜਾ ਰਿਹਾ ਹੈ। ਵਿਦੇਸ਼ਾਂ ਵਲ ਇਹ ਉਡਾਰੀ ਭਾਵੇਂ ਉੱਚ ਵਿਦਿਆ ਲਈ ਕੰਮ ਕਰ ਕੇ ਪੌਂਡ ਉਤੇ ਡਾਲਰ ਕਮਾਉਣ ਲਈ, ਕਿਸੇ ਵੀ ਪ੍ਰਕਾਰ ਦੀ ਨੌਕਰੀ ਜਾਂ ਵਰਕ ਪਰਮਿਟਾਂ ਲਈ ਕੀਤੀ ਜਾਂਦੀ ਹੈ ਪਰ ਵਿਦੇਸ਼ ਉਡਾਰੀ ਮਾਰਨ ਪਿੱਛੋਂ ਪੰਜਾਬ ਰਹਿ ਗਏ। ਉਨ੍ਹਾਂ ਦੇ ਮਾਪਿਆਂ ਦੀ ਹਾਲਤ ਕਈ ਵਾਰ ਬਹੁਤ ਪਤਲੀ ਹੋ ਜਾਂਦੀ ਹੈ। ਖਾਸ ਕਰ ਕੇ ਉਹ ਮਾਤਾ-ਪਿਤਾ ਜਿਨ੍ਹਾਂ ਕੋਲ ਇਕ ਬੇਟਾ ਜਾਂ ਬੇਟੀ ਹੁੰਦੀ ਹੈ।
ਵਿਦੇਸ਼ ਵਸਦਿਆਂ ਇੰਚ ਇੰਚ ਅੱਗੇ ਵਧਦਿਆਂ ਭਾਵੇਂ ਇਨ੍ਹਾਂ ਦੇ ਬੱਚਿਆਂ ਨੂੰ ਮੰਜ਼ਿਲਾਂ ਤਾਂ ਨਸੀਬ ਹੋ ਜਾਂਦੀਆਂ ਹਨ ਪਰ ਉਹ ਮਾਂ-ਬਾਪ ਰੂਪੀ ਸੱਭ ਤੋਂ ਵੱਡੀ ਪੂੰਜੀ ਪੰਜਾਬ ਛੱਡ ਜਾਣ ਨਾਲ ਸਕੂਨ ਦੀ ਜ਼ਿੰਦਗੀ ਨਹੀਂ ਜੀਅ ਸਕਦੇ। ਐਨਆਰਆਈ ਬੱਚਿਆਂ ਦੇ ਪੰਜਾਬ ਰਹਿੰਦੇ ਮਾਪਿਆਂ ਦੀ ਕਈ ਦਹਾਕੇ ਸਖ਼ਤ ਮਿਹਨਤ, ਨੌਕਰੀ ਅਤੇ ਪੈਨਸ਼ਨ ਲੈਣ ਤੋਂ ਬਾਅਦ ਜਿਹੜੀ ਉਮਰ ਐਸ਼ੋ ਅਰਾਮ ਅਤੇ ਸਕੂਨ ਨਾਲ ਬਿਤਾਉਣ ਵਾਲੀ ਹੁੰਦੀ ਹੈ। ਉਸ ਉਮਰੇ ਉਹ ਬੈਂਕਾਂ, ਡਾਕਘਰਾਂ, ਬਾਜ਼ਾਰਾਂ, ਗੈਸ ਏਜੰਸੀਆਂ, ਬਿਜਲੀ ਘਰਾਂ ਅਤੇ ਦੁੱਧ ਦੀਆਂ ਡੇਅਰੀਆਂ ਉਤੇ ਪ੍ਰੇਸ਼ਾਨੀ ਦੀ ਹਾਲਤ ਵਿਚ ਵੇਖੇ ਜਾ ਸਕਦੇ ਹਨ।
ਕਈ ਵਾਰ ਉਨ੍ਹਾਂ ਦੇ ਐਨਆਰਆਈ ਪੁੱਤਰ ਨੂੰਹ ਆਪਣੇ ਬੱਚੇ ਪੰਜਾਬ ਵਸਦੇ ਅਪਣੇ ਬੁੱਢੇ ਮਾਪਿਆਂ ਦੇ ਹਵਾਲੇ ਵੀ ਕਰ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੀਆਂ ਦੁਸ਼ਵਾਰੀਆਂ ਤੇ ਜ਼ਿੰਮੇਵਾਰੀਆਂ ਹੋਰ ਵੀ ਵਧ ਜਾਂਦੀਆਂ ਹਨ। ਜਵਾਨੀ ਦੀ ਉਮਰੇ ਸਾਰੇ ਕੰਮ ਕਰਨ ਤੋਂ ਬਾਅਦ ਜਦੋਂ ਬੁੱਢੇ ਮਾਪੇ ਰਿਟਾਇਰ ਹੋਣਾ ਲਗਦੇ ਹਨ ਤਾਂ ਉਨ੍ਹਾਂ ਦੇ ਬੱਚੇ ਵਿਦੇਸ਼ ਜਾਣ ਨਾਲ ਉਨ੍ਹਾਂ ਨੂੰ ਛੱਡੇ ਹੋਏ ਕੰਮ ਨਵੇਂ ਸਿਰੇ ਤੋਂ ਫਿਰ ਦੁਹਰਾਉਣੇ ਪੈਂਦੇ ਹਨ।
ਬੁਢਾਪੇ ਅਤੇ ਇਕੱਲਤਾ ਵਿਚ ਇਨ੍ਹਾਂ ਬਜ਼ੁਰਗਾਂ ਦੀ ਜ਼ਿਦਗੀ ਬਹੁਤੀ ਵਾਰੀ ਅਪਣੇ ਘਰ ਨੇੜਲੇ ਗੁਆਂਢੀਆਂ, ਰਿਸ਼ਤੇਦਾਰਾਂ ਜਾਂ ਦੋਸਤਾਂ ਮਿੱਤਰਾਂ ਦੀ ਮਦਦ ਨਾਲ ਚਲਦੀ ਹੈ। ਬਹੁਤੀ ਵਾਰ ਇਨ੍ਹਾਂ ਮਾਪਿਆਂ ਨਾਲ ਕੋਈ ਤਿੱਥ, ਤਿਉਹਾਰ, ਫ਼ਾਦਰਜ਼ ਡੇਅ, ਮਦਰਜ਼ ਡੇਅ, ਲੋਹੜੀ, ਦੀਵਾਲੀ ਅਤੇ ਦੁਸ਼ਹਿਰਾ ਮਨਾਉਣ ਵਾਲਾ ਵੀ ਕੋਈ ਨਹੀਂ ਹੁੰਦਾ; ਜੇਕਰ ਹੁੰਦਾ ਹੈ ਤਾਂ ਸਿਰਫ ਅੱਖਾਂ ਵਿਚ ਹੰਝੂ, ਡਰ, ਬੇਯਕੀਨੀ ਜਾਂ ਉਡੀਕ ਹੁੰਦੀ ਹੈ ਜਿਹੜੀ ਉਹ ਅਪਣੇ ਲਾਡਲਿਆਂ ਲਈ ਸਾਲਾਂ ਬੱਧੀ ਬਗੈਰ ਕਿਸੇ ਵਿਘਨ ਦੇ ਕਰਦੇ ਰਹਿੰਦੇ ਹਨ।