ਸਿੱਖ ਨੌਜਵਾਨਾਂ ’ਤੇ ਯੂ.ਏ.ਪੀ.ਏ. ਦੀ ਵਰਤੋਂ ਸਿੱਖਾਂ ਨੂੰ ਗ਼ੈਰ-ਨਾਗਰਿਕ ਮੰਨਣ ਵਰਗੀ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਨੌਜਵਾਨਾਂ ਨੂੰ ਸਲਾਖਾਂ ਪਿੱਛੇ ਭੇਜਣ ਲਈ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ, 1967

UAPA

ਚੰਡੀਗੜ੍ਹ, 22 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ): ਸਿੱਖ ਨੌਜਵਾਨਾਂ ਨੂੰ ਸਲਾਖਾਂ ਪਿੱਛੇ ਭੇਜਣ ਲਈ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ, 1967 (ਯੂ.ਏ.ਪੀ.ਏ) ਦੀ ਪ੍ਰੇਰਿਤ ਵਰਤੋਂ ਬਾਰੇ ਗੰਭੀਰ ਇਤਰਾਜ਼ ਪ੍ਰਗਟਾਉਂਦਿਆਂ ਸਿੱਖ ਚਿੰਤਕਾਂ ਨੇ ਇਸ ਨੂੰ ਕੌਮੀ ਜਾਂਚ ਏਜੰਸੀ (ਐਨ.ਆਈ.ਏ) ਦੀ ਸਿੱਖ ਵਿਰੋਧੀ ਸਾਜ਼ਸ਼ ਦਸਿਆ। ਇਸ ਦਾ ਉਦੇਸ਼ ਸਿੱਖਾਂ ਵਿਚ ਦਹਿਸ਼ਤ ਪਾਉਣਾ ਅਤੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਮਹਿਸੂਸ ਕਰਵਾਉਣਾ ਹੈ। 

ਮਾਰਚ, 2017 ਤੋਂ ਯੂ.ਏ.ਪੀ.ਏ ਤਹਿਤ ਗ੍ਰਿਫ਼ਤਾਰ ਕੀਤੇ ਗਏ 175 ਸਿੱਖ ਨੌਜਵਾਨਾਂ ਵਿਚੋਂ ਇਕ ਦਿਨ ਪਹਿਲਾਂ ਪਿੰਡ ਰੱਤਾਖੇੜਾ (ਸੰਗਰੂਰ) ਦੇ ਲਵਪ੍ਰੀਤ ਸਿੰਘ ਨੇ ਆਤਮ ਹਤਿਆ ਕਰ ਲਈ ਸੀ। ਲਵਪ੍ਰੀਤ ਵਲੋਂ ਛੱਡੇ ਗਏ ਇਕ ਖ਼ੁਦਕੁਸ਼ੀ ਨੋਟ ਵਿਚ ਉਸ ਨਾਲ ਬੇਰਹਿਮੀ ਨਾਲ ਪੇਸ਼ ਆਉਣ ਦੀ ਪੁਸ਼ਟੀ ਕੀਤੀ। ਇਹ ਹੋਰ ਵੀ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਗ਼ੈਰ ਕਾਨੂੰਨੀ ਕੈਦ ਨਾਲ ਨਜ਼ਰਬੰਦ ਕੀਤੇ ਗਏ ਬਹੁਤੇ ਅੰਮ੍ਰਿਤਧਾਰੀ ਸਿੱਖ ਦਲਿਤ ਹਨ ਜੋ ਜ਼ਿੰਦਗੀ ਜਿਊਣ ਲਈ ਛੋਟੇ ਕੰਮ ਕਰ ਰਹੇ ਹਨ।

ਗ੍ਰਿਫ਼ਤਾਰ ਕੀਤੇ ਗਏ ਦਲਿਤ ਨੌਜਵਾਨਾਂ ਵਿਚ ਗੁਰਤੇਜ ਸਿੰਘ ਮਾਨਸਾ, ਅੰਮ੍ਰਿਤਪਾਲ ਸਿੰਘ ਪਿੰਡ ਅਚਾਨਕ (ਮਾਨਸਾ), ਸੁਖਚੈਨ ਸਿੰਘ ਪਿੰਡ ਸੇਹਰਾ (ਪਟਿਆਲਾ) ਸ਼ਾਮਲ ਹਨ। ਦਲਿਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਸਿੱਖ ਪੰਥਕ ਏਕਤਾ ਨੂੰ ਕਮਜ਼ੋਰ ਕਰਨਾ ਹੈ। ਅਸੀਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਏ.ਪੀ ਨੇਤਾਵਾਂ ਵਲੋਂ ਪ੍ਰਗਟ ਕੀਤੀਆਂ ਭਾਵਨਾਵਾਂ ਨਾਲ ਸਹਿਮਤ ਹਾਂ ਜਿਹੜੇ ਬੀਤੇ ਦਿਨੀਂ ਲਵਪ੍ਰੀਤ ਦੇ ਪ੍ਰਵਾਰ ਨੂੰ ਮਿਲਣ ਗਏ ਸਨ। ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਲਵਪ੍ਰੀਤ ਸਿੰਘ ਦੀ ਰਹੱਸਮਈ ਖ਼ੁਦਕੁਸ਼ੀ ਦੀ ਨਿਰਪੱਖ ਜਾਂਚ ਕੀਤੀ ਜਾਵੇ।

ਸਿੱਖ ਵਿਚਾਰ ਮੰਚ ਵਿਚ ਸ.ਗੁਰਤੇਜ ਸਿੰਘ ਆਈ.ਐਸ, ਅਜੈਪਾਲ ਸਿੰਘ ਬਰਾੜ, ਰਾਜਵਿੰਦਰ ਸਿੰਘ ਰਾਹੀ, ਪ੍ਰੋਫ਼ੈਸਰ ਸ਼ਾਮ ਸਿੰਘ, ਪ੍ਰੋਫ਼ੈਸਰ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਖਾਲੜਾ, ਗੁਰਬਚਨ ਸਿੰਘ ਆਦਿ ਸ਼ਾਮਲ ਹਨ।