ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਨੂੰ ਬਾਦਲ ਪ੍ਰਵਾਰ ਤੋਂ ਮੁਕਤ ਕਰਵਾਉਣਾ ਸਮੇਂ ਦੀ ਲੋੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਬੀ ਤਰਵਿੰਦਰ ਕੌਰ ਖ਼ਾਲਸਾ ਨੂੰ ਜਾਗੋ ਦਾ ਧਰਮ ਪ੍ਰਚਾਰ ਮੁਖੀ ਥਾਪਿਆ

SGPC, Akal Takht Sahib

ਨਵੀਂ ਦਿੱਲੀ  (ਅਮਨਦੀਪ ਸਿੰਘ): ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ.ਪਰਮਿੰਦਰ ਸਿੰਘ ਢੀਂਡਸਾ ਤੇ ‘ਜਾਗੋ’ ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਨੇ ਸਾਂਝੇ ਤੌਰ  ’ਤੇ ਕਿਹਾ ਕਿ ਉਹ ਹਮ ਖ਼ਿਆਲ ਜਥੇਬੰਦੀਆਂ ਦੀ ਮਦਦ ਨਾਲ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਸਾਹਿਬ ਤੇ ਹੋਰ ਪੰਥਕ ਸੰਸਥਾਵਾਂ ਨੂੰ ਬਾਦਲ ਪ੍ਰਵਾਰ ਦੇ ਗ਼ਲਬੇ ਤੋਂ ਮੁਕਤ ਕਰਵਾ ਕੇ ਕੌਮ ਨੂੰ ਨਵੀਂ ਦਿਸ਼ਾ ਦੇਣਗੇ।

ਦਿੱਲੀ ਵਿਖੇ ਰਾਜ ਸਭਾ ਮੈਂਬਰ ਸ.ਸੁਖਦੇਵ ਸਿੰਘ ਢੀਂਡਸਾ ਦੀ ਸਰਕਾਰੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਢੀਂਡਸਾ ਨੇ ਕਿਹਾ, “ਅੱਜ ਸਿਰਫ਼ ਪੰਜਾਬ ਵਿਚ ਹੀ ਨਹੀਂ, ਬਲਕਿ ਪੰਜਾਬ ਤੋਂ ਬਾਹਰ ਤੇ ਵਿਦੇਸ਼ਾਂ ਵਿਚ ਵੀ ਸਿੱਖ ਬੜੀ ਨੀਝ ਨਾਲ ਢੀਂਡਸਾ ਸਾਹਿਬ ਦੀ ਅਗਵਾਈ ਵਿਚ ਕਾਇਮ ਹੋਏ ਅਕਾਲੀ ਦਲ ਵਲ ਵੇਖ ਰਹੇ ਹਨ ਕਿ ਉਹ ਕਿਵੇਂ ਇਕ ਮੁਹਾਜ ਤਿਆਰ ਕਰ ਕੇ, ਪੰਥਕ ਏਕਤਾ ਰਾਹੀਂ ਕੌਮੀ ਰਵਾਇਤਾਂ ਦੀ ਰਾਖੀ ਕਰਦੇ ਹਨ।’’ 

ਸ.ਜੀ ਕੇ ਨੇ ਸੌਦਾ ਸਾਧ ਨੂੂੰ ਮਾਫ਼ੀ ਦਿਵਾਉਣ ਲਈ ਬਾਦਲਾਂ ਨੂੂੰ ਘੇਰਦਿਆਂ ਕਿਹਾ, “ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਤਾਂ ਪ੍ਰਗਟਾਵਾ ਕਰ ਦਿਤਾ ਸੀ ਕਿ ਕਿਵੇਂ ਸਿਰਸਾ (ਦਿੱਲੀ ਕਮੇਟੀ ਪ੍ਰਧਾਨ) ਦੇ ਉਨ੍ਹਾਂ ਨੂੰ ਚਾਰ ਪੰਜ ਫ਼ੋਨ ਕਰ ਕੇ ਦਬਾਅ ਪਾਇਆ ਸੀ ਕਿ ਉਹ ਸੌਦਾ ਸਾਧ ਦੇ ਮਾਫ਼ੀਨਾਮੇ ’ਤੇ ਦਸਤਖ਼ਤ ਕਰਨ।’’ ਸ. ਜੀ ਕੇ ਨੇ ਕਿਹਾ, ਛੇਤੀ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪਾਂ ਨੂੰ ਖ਼ੁਰਦ ਬੁਰਦ ਕਰਨ ਦੇ ਮਾਮਲੇ ਵਿਚ ਐਫ਼ ਆਈ ਆਰ ਦਰਜ ਕਰਵਾਉਣਗੇ।

ਇਸ ਮੌਕੇ ਸ.ਜੀ ਕੇ ਤੇ ਸ.ਢੀਂਡਸਾ ਨੇ ਇੰਟਰਨੈਸ਼ਨਲ ਸਿੱਖ ਕੌਂਸਲ ਦੀ ਮੁਖੀ ਬੀਬੀ ਤਰਵਿੰਦਰ ਕੌਰ ਖ਼ਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ’ਤੇ 2017 ਵਿਚ ਲਾਜਪਤ ਨਗਰ ਹਲਕੇ ਤੋਂ ਦਿੱਲੀ ਕਮੇਟੀ ਚੋਣਾਂ ਵਾਲੇ ਸ.ਜਸਵੰਤ ਸਿੰਘ ਬਿੱਟੂ ਸਣੇ ਸ.ਗੁਲਪ੍ਰੀਤ ਸਿੰਘ ਤੇ ਸ.ਮਨਿੰਦਰ ਸਿੰਘ ਨੂੰ ਸਿਰਪਾਉ ਦੇ ਕੇ ‘ਜਾਗੋ’ ਵਿਚ ਸ਼ਾਮਲ ਕੀਤਾ। ਬੀਬੀ ਖ਼ਾਲਸਾ ਨੂੰ ਜਾਗੋ ਦੇ ਧਰਮ ਪ੍ਰਚਾਰ ਮੁਖੀ ਦੀ ਜ਼ਿੰੰਮੇਵਾਰੀ ਸੌਂਪੀ ਗਈ। ਦਿੱਲੀ ਕਮੇਟੀ ਮੈਂਬਰ ਸ.ਚਮਨ ਸਿੰਘ ਸ਼ਾਹਪੁਰਾ ਤੇ ਸ.ਹਰਜੀਤ ਸਿੰਘ ਜੀ ਕੇ ਸਣੇ ਹੋਰ ਵੀ ਹਾਜ਼ਰ ਸਨ