ਪੰਜਾਬ ਦੇ 18 ਰੋਡਵੇਜ਼ ਡਿਪੂਆਂ ਵਿਚ ਕਾਮਿਆਂ ਨੇ ਕੀਤੀਆਂ ਗੇਟ ਰੈਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਨਰ ਗਠਨ ਦੇ ਨਾਂ ਹੇਠ ਅਸਾਮੀਆਂ ਖ਼ਤਮ ਕਰਨ ਦੀ ਨੀਤੀ ਦਾ ਵਿਰੋਧ

File Photo

ਚੰਡੀਗੜ੍ਹ, 22 ਜੁਲਾਈ (ਗੁਰਉਪਦੇਸ਼ ਭੁੱਲਰ): ਵਿਭਾਗ ਦੇ ਪੁਨਰ ਗਠਨ ਦੇ ਨਾਮ ਹੇਠ ਖ਼ਾਲੀ ਅਸਾਮੀਆਂ ਖ਼ਤਮ ਕੀਤੇ ਜਾਣ ਦੀ ਪੰਜਾਬ ਸਰਕਾਰ ਦੀ ਨੀਤੀ ਵਿਰੁਧ ਅੱਜ ਪੰਜਾਬ ਭਰ ਵਚ ਪਨਬਸ ਕਾਮਿਆਂ ਨੇ 18 ਰੋਡਵੇਜ਼ ਡਿਪੂਆਂ ਵਿਚ ਗੇਟ ਰੈਲੀਆਂ ਕਰ ਕੇ ਰੋਸ ਦਰਜ ਕਰਵਾਇਆ ਗਿਆ। ਬੁਲਾਰਿਆਂ ਨੇ ਪੰਜਾਬ ਰੋਡਵੇਜ਼ ਤੇ ਪਨਬਸ ਵਿਚ ਵੀ ਇਹ ਨੀਤੀ ਲਾਗੂ ਹੋਣ ਨਾਲ ਰੋਡਵੇਜ਼ ਦੀ ਹੋਂਦ ਖ਼ਤਮ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਅਤੇ ਇਸ ਨੀਤੀ ਵਿਰੁਧ ਭਵਿੱਖ ਵਿਚ ਅੰਦੋਲਨ ਹੋਰ ਤੇਜ਼ ਕਰਨ ਦੀ ਵੀ ਚੇਤਾਵਨੀ ਸਰਕਾਰ ਨੂੰ ਦਿਤੀ ਹੈ। ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਇਨ੍ਹਾਂ ਗ਼ਲਤ ਨੀਤੀਆਂ ਵਿਰੁਧ ਮੁਲਾਜ਼ਮਾਂ ਦੀਆਂ ਆਵਾਜ਼ ਦਬਾਉਣ ਲਈ ਕੋਰੋਨਾ ਦੀ ਆੜ ਹੇਠ ਸੂਬੇ ਵਿਚ ਧਾਰਾ 144 ਲਾ ਕੇ ਇਕੱਠਾਂ ’ਤੇ ਰੋਕ ਲਾ ਰਹੀ ਹੈ ਤੇ ਕਈ ਥਾਈਂ ਮੁਲਾਜ਼ਮਾਂ ਉਪਰ ਕੇਸ ਵੀ ਦਰਜ ਕੀਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਸਰਕਾਰ ਸਮੇਂ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਲਈ ਪਾਸ ਐਕਟ ਵਿਚ ਵੀ ਸੋਧ ਕਰਨ ਦੇ ਬਹਾਲੇ ਲਾ ਕੇ ਕਾਮਿਆਂ ਨੂੰ ਪੱਕੇ ਕਰਨ ਦਾ ਮਾਮਲਾ ਲਟਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਰੋਡਵੇਜ਼ ਦਾ ਫਲੀਟ 2407 ਤੋਂ ਘੱਟ ਕੇ 400 ਰਹਿ ਗਿਆ ਹੈ ਤੇ ਉਸ ਨੂੰ ਵੀ ਘਟਾਉਣ ਦੇ ਯਤਨ ਹੋ ਰਹੇ ਹਨ।