ਕੱਚੇ ਅਧਿਆਪਕਾਂ ਦੇ ਆਗੂਆਂ ਦੀ ਸਰਕਾਰ ਨਾਲ ਮੀਟਿੰਗ ਰਹੀ ਬੇਨਤੀਜਾ

ਏਜੰਸੀ

ਖ਼ਬਰਾਂ, ਪੰਜਾਬ

ਕੱਚੇ ਅਧਿਆਪਕਾਂ ਦੇ ਆਗੂਆਂ ਦੀ ਸਰਕਾਰ ਨਾਲ ਮੀਟਿੰਗ ਰਹੀ ਬੇਨਤੀਜਾ

image

ਮੀਟਿੰਗ ਵਿਚਾਲਿਉਂ ਹੀ ਛੱਡ ਕੇ ਯੂਨੀਅਨ ਆਗੂ ਬਾਹਰ ਆਏ

ਚੰਡੀਗੜ੍ਹ, 22 ਜੁਲਾਈ (ਗੁਰਉਪਦੇਸ਼ ਭੁੱਲਰ): ਕਈ ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕੱਚੇ ਅਧਿਆਪਕਾਂ ਦੀ ਯੂਨੀਅਨ ਦੇ ਆਗੂਆਂ ਤੇ ਪੰਜਾਬ ਸਰਕਾਰ ਦਰਮਿਆਨ ਅੱਜ ਇਥੇ ਹੋਈ ਮੀਟਿੰਗ ਬੇਨਤੀਜਾ ਰਹੀ | 
ਅਧਿਆਪਕ ਆਗੂ ਅਧਿਕਾਰੀਆਂ ਦੇ ਇਕ ਤਰਫ਼ਾ ਰਵਈਏ ਵਿਰੁਧ ਰੋਸ ਪ੍ਰਗਟ ਕਰਦਿਆਂ ਮੀਟਿੰਗ ਸ਼ੁਰੂ ਹੋਣ ਦੇ ਕੁੱਝ ਸਮਾਂ ਬਾਅਦ ਹੀ ਗੱਲਬਾਤ ਵਿਚਾਲਿਉਂ ਹੀ ਛੱਡ ਕੇ ਬਾਹਰ ਆ ਗਏ | ਇਸ ਮੀਟਿੰਗ ਵਿਚ ਸਰਕਾਰ ਵਲੋਂ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਅਤੇ ਸਿਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਮੌਜੂਦ ਸਨ | ਸਰਕਾਰੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਰਕਾਰ ਨਿਯਮਾਂ ਮੁਤਾਬਕ ਹੀ ਅਧਿਆਪਕਾਂ ਨੂੰ  ਰੈਗੂਲਰ ਕਰੇਗੀ ਅਤੇ ਅਸਾਮੀਆਂ ਹੋਰ ਵਧਾਉਣ ਦਾ ਕੋਈ ਵਾਅਦਾ ਨਹੀਂ ਸੀ ਕੀਤਾ ਪਰ ਅਧਿਆਪਕ ਆਗੂਆਂ ਨੇ ਕਿਹਾ ਕਿ ਪਿਛਲੀਆਂ ਮੀਿਅੰਗਾਂ ਵਿਚ 9000 ਅਸਾਮੀਆਂ ਦੀ ਭਰਤੀ ਕੱਢਣ ਦਾ ਵਾਅਦਾ ਕੀਤਾ ਗਿਆ ਸੀ ਤੇ 13000 ਵਿਚੋਂ ਬਾਕੀ ਕੱਚੇ ਅਧਿਆਪਕਾਂ ਲਈ ਬਾਅਦ ਵਿਚ ਹੋਰ ਅਸਾਮੀਆਂ ਕੱਢਣ ਤੇ ਤਨਖ਼ਾਹ ਵਿਚ ਵਾਧੇ ਦੇ ਭਰੋਸੇ ਦਿਤੇ ਗਏ ਹਨ | ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦੇ ਅਧਿਕਾਰੀ ਇਨ੍ਹਾਂ ਵਾਅਦਿਆਂ ਤੋਂ ਸਾਫ਼ ਹੀ ਮੁਕਰ ਗਏ ਹਨ | ਉਨ੍ਹਾਂ ਕਿਹਾ ਕਿ ਹੁਣ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ ਅਤੇ ਚੰਡੀਗੜ੍ਹ, ਮੋਹਾਲੀ ਤੇ ਪਟਿਆਲਾ ਆਦਿ ਵਿਚ ਗੁਪਤ ਐਕਸ਼ਨ ਕਰ ਕੇ ਸਰਕਾਰ ਨੂੰ  ਵਖ਼ਤ ਪਾ ਦਿਤਾ ਜਾਵੇਗਾ |