ਜਾਸੂਸੀ ਕਾਂਡ ਵਿਰੁਧ ਰੋਸ ਕਰ ਰਹੀ ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਤੇ ਹੋਰ ਆਗੂਆਂ ਨੂੰ ਹਿਰਾ

ਏਜੰਸੀ

ਖ਼ਬਰਾਂ, ਪੰਜਾਬ

ਜਾਸੂਸੀ ਕਾਂਡ ਵਿਰੁਧ ਰੋਸ ਕਰ ਰਹੀ ਹਰਿਆਣਾ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ ਤੇ ਹੋਰ ਆਗੂਆਂ ਨੂੰ ਹਿਰਾਸਤ ’ਚ ਲਿਆ

image

ਚੰਡੀਗੜ੍ਹ, 22 ਜੁਲਾਈ (ਸੁਰਜੀਤ ਸਿੰਘ ਸੱਤੀ) : ਕਾਂਗਰਸ ਦੇ ਹਰਿਆਣਾ ਇੰਚਾਰਜ ਵਿਵੇਕ ਬਾਂਸਲ ਅਤੇ ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਕੁਮਾਰੀ ਸ਼ੈਲਜਾ ਦੀ ਅਗਵਾਈ ਵਿਚ ਪਾਰਟੀ ਨੇ ਮੋਦੀ ਸਰਕਾਰ ਦੁਆਰਾ ਇਜ਼ਰਾਈਲੀ ਸਪਾਇਵੇਅਰ ਪੇਗਾਸਸ ਰਾਹੀਂ ਜਾਸੂਸੀ ਕਰਾਉਣ ਦੇ ਦੋਸ਼ ਵਿਰੁਧ ਵੀਰਵਾਰ ਨੂੰ ਚੰਡੀਗੜ੍ਹ ਵਿਚ ਰੋਸ ਮੁਜ਼ਾਹਰਾ ਕੀਤਾ। ਵਿਰੋਧ ਲਈ ਕਾਂਗਰਸ ਦਫ਼ਤਰ ਤੋਂ ਹਰਿਆਣਾ ਰਾਜ ਭਵਨ ਵਲ ਰੋਸ ਮਾਰਚ ਦਾ ਪ੍ਰੋਗਰਾਮ ਮਿਥਿਆ ਗਿਆ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਰਸਤੇ ਵਿਚ ਹੀ ਰੋਕ ਕੇ ਬਾਂਸਲ ਤੇ ਸ਼ੈਲਜਾ ਸਮੇਤ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਵਿਚ ਭੇਜ ਦਿਤਾ। ਰੋਸ ਮਾਰਚ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦਿਆਂ ਵਿਵੇਕ ਬਾਂਸਲ ਨੇ ਕਿਹਾ ਕਿ ਕਾਂਗਰਸ  ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਮੇਤ ਦੇਸ਼ ਦੇ ਵਿਰੋਧੀ ਨੇਤਾਵਾਂ,  ਜੱਜਾਂ,  ਸੰਪਾਦਕਾਂ ਅਤੇ ਸੰਵਿਧਾਨਕ ਅਹੁਦਿਆਂ ’ਤੇ ਬੈਠੇ ਲੋਕਾਂ ਦੀ ਮੋਦੀ ਸਰਕਾਰ ਦੁਆਰਾ ਜਾਸੂਸੀ ਕਰਵਾ ਕੇ ਕੌਮੀ ਸੁਰੱਖਿਆ ਦੇ ਨਾਲ ਖਿਲਵਾੜ ਕੀਤਾ ਗਿਆ ਹੈ। 
  ਉਨ੍ਹਾਂ ਨੇ ਕਿਹਾ ਕਿ ਮੀਡੀਆ ਦੁਆਰਾ ਪ੍ਰਗਟਾਵਾ ਕੀਤੇ ਜਾਣ ਤੋਂ ਬਾਅਦ ਪਤਾ ਚਲਿਆ ਹੈ ਕਿ ਮੋਦੀ ਸਰਕਾਰ ਨੇ ਨਾ ਸਿਰਫ ਕਾਂਗਰਸੀ ਆਗੂਆਂ ਦੇ ਟੇਲੀਫੋਨ ਹੈਕ ਕੀਤੇ, ਸਗੋਂ ਅਪਣੇ ਮੰਤਰੀਆਂ ਦੇ ਫੋਨ ਵੀ ਹੈਕ ਕੀਤੇ। ਇਸ ਮੌਕੇ ਉੱਤੇ ਬੋਲਦੇ ਹੋਏ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਾਂਗਰਸ ਪਾਰਟੀ ਅਪਣੇ ਤੌਰ ਉਤੇ ਮੋਦੀ ਸਰਕਾਰ ਉਤੇ ਜਾਸੂਸੀ ਕਰਾਉਣ ਦਾ ਇਲਜ਼ਾਮ ਨਹੀਂ ਲਗਾ ਰਹੀ ਹੈ, ਇਸ ਜਾਸੂਸੀ ਖੇਲ ਦਾ ਪ੍ਰਗਟਾਵਾ ਸਮਾਚਾਰ ਪੱਤਰਾਂ, ਪੋਰਟਲ ਦੀਆਂ ਖਬਰਾਂ ਆਦਿ ਨਾਲ ਅੰਤਰਰਾਸ਼ਟਰੀ ਪੱਧਰ ਉਤੇ ਸਾਹਮਣੇ ਆਇਆ ਹੈ। ਕਾਂਗਰਸ ਪਾਰਟੀ ਤਾਂ ਸਿਰਫ ਇਸ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਅਤੇ ਜੇਪੀਸੀ ਦੁਆਰਾ ਨਿਰਪੱਖ ਜਾਂਚ ਕਰਾਉਣ ਦੀ ਮੰਗ ਕਰ ਰਹੀ ਹੈ ਅਤੇ ਦੇਸ਼ ਦੇ ਗ੍ਰਹ ਮੰਤਰੀ ਅਮਿਤ ਸ਼ਾਹ ਦਾ ਅਸਤੀਫ਼ਾ ਮੰਗ ਰਹੀ ਹੈ ਤਾਂ ਕਿ ਜਾਂਚ ਨਾ ਰੁਕੇ ਅਤੇ ਦੇਸ਼ ਦੀ ਜਨਤਾ ਦੇ ਸਾਹਮਣੇ ਸਚਾਈ ਲਿਆਂਦੀ ਜਾ ਸਕੇ। 

ੂਅੱਜ ਪ੍ਰਦਰਸ਼ਨ ਦੌਰਾਨ ਕੁਲਦੀਪ ਬਿਸ਼ਨੋਈ, ਆਫ਼ਤਾਬ ਅਹਿਮਦ,  ਡਾ.  ਰਘੁਬੀਰ ਸਿੰਘ ਕਾਦੀਆਨ, ਗੀਤਾ ਭੁੱਕਲ, ਰਾਵ ਦਾਨ ਸਿੰਘ, ਜਗਬੀਰ ਸਿੰਘ  ਮਲਿਕ, ਜੈਵੀਰ ਸਿੰਘ, ਪ੍ਰਦੀਪ ਚੌਧਰੀ, ਸ਼ਮਸ਼ੇਰ ਸਿੰਘ  ਗੋਗੀ, ਧਰਮ ਸਿੰਘ ਛੌੱਕਰ, ਸ਼ਕੁੰਤਜਲਾ ਖੱਟਕ, ਬੀ.ਬੀ ਬੱਤਰਾ ਆਦਿ ਮੌਜੂਦ ਰਹੇ।

ਫੋਟੋ ਨਾਲ  ਭੇਜੀ ਜਾ ਰਹੀ ਹੈ