ਕੈਪਟਨ ਨੇ ਨਵਜੋਤ ਸਿੱਧੂ ਦੀ ਤਾਜਪੋਸ਼ੀ ਦੇ ਪ੍ਰੋਗਰਾਮ ਦਾ ਸੱਦਾ ਕੀਤਾ ਸਵੀਕਾਰ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਨੇ ਨਵਜੋਤ ਸਿੱਧੂ ਦੀ ਤਾਜਪੋਸ਼ੀ ਦੇ ਪ੍ਰੋਗਰਾਮ ਦਾ ਸੱਦਾ ਕੀਤਾ ਸਵੀਕਾਰ

image

ਕੈਪਟਨ ਨੇ ਤਾਜਪੋਸ਼ੀ ਪੋ੍ਰਗਰਾਮ ਤੋਂ ਪਹਿਲਾਂ ਚਾਹ ਪਾਰਟੀ ਲਈ ਵਿਧਾਇਕਾਂ ਨੂੰ  ਪੰਜਾਬ ਭਵਨ ਸੱਦਿਆ


ਚੰਡੀਗੜ੍ਹ, 22 ਜੁਲਾਈ (ਗੁਰਉਪਦੇਸ਼ ਭੁੱਲਰ): ਕਾਂਗਰਸ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਦੀ ਪ੍ਰਧਾਨਗ ਬਾਰੇ ਕੀਤੇ ਐਲਾਨ ਤੋਂ ਬਾਅਦ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚਲ ਰਿਹਾ ਮਨ ਮੁਟਾਵ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ ਅਤੇ ਦੋਹਾਂ ਵਲੋਂ ਸੁਲਾਹ ਸਫ਼ਾਈ ਵੱਲ ਕਦਮ ਵਧਾਏ ਗਏ ਹਨ | ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਮੁੜ ਦੁਹਰਾਈ ਸੀ ਕਿ ਜਦ ਤਕ ਨਵਜੋਤ ਸਿੱਧੂ ਸੋਸ਼ਲ ਮੀਡੀਆ 'ਤੇ ਕੀਤੀਆਂ ਟਿਪਣੀਆਂ ਬਾਰੇ ਜਨਤਕ ਤੌਰ 'ਤੇ ਮਾਫ਼ੀ ਨਹੀਂ ਮੰਗ ਲੈਂਦੇ, ਉਸ ਸਮੇਂ ਤਕ ਉਸ ਨਾਲ ਮੁਲਾਕਾਤ ਨਹੀਂ ਕਰਨਗੇ ਅਤੇ ਸਿੱਧੂ ਵੀ ਵਖਰੇ ਤਰੀਕੇ ਨਾਲ ਹੀ ਅਪਣੇ ਦੌਰਿਆਂ ਦੇ ਪ੍ਰੋਗਰਾਮ ਵਿਚ ਲੱਗੇ ਸਨ | ਪਾਰਟੀ ਦੇ ਕੁੱਝ ਸੀਨੀਅਰ ਨੇਤਾਵਾਂ ਦੇ ਦਖ਼ਲ ਬਾਅਦ ਅੱਜ ਬਾਅਦ ਦੁਪਹਿਰ ਸਥਿਤੀ ਵਿਚ ਉਸ ਸਮੇਂ ਨਵਾਂ ਤੇ ਸੁਖਾਵਾਂ ਮੋੜ ਆਇਆ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ 23 ਜੁਲਾਈ ਨੂੰ  ਪੰਜਾਬ ਕਾਂਗਰਸ ਭਵਨ ਵਿਚ ਹੋਣ ਵਾਲੇ ਤਾਜਪੋਸ਼ੀ ਦੇੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਸੱਦਾ ਸਵੀਕਾਰ ਕਰ ਲਿਆ | ਇਹ ਸੱਦਾ ਪੱਤਰ ਅੱਜ ਨਵ ਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਸੰਗਤ ਸਿੰਘ ਗਿਲਜੀਆਂ ਖ਼ੁਦ ਕੈਪਟਨ ਅਮਰਿੰਦਰ ਸਿੰਘ ਨੂੰ  ਦੇਣ ਉਨ੍ਹਾਂ ਦੇ ਸਿਸਵਾਂ ਹਾਊਸ ਗਏ ਸਨ | ਇਸ ਉਪਰ 58 ਵਿਧਾਇਕਾਂ ਦੇ ਦਸਤਖ਼ਤ ਸਨ | ਇਹ ਸੱਦਾ ਪੱਤਰ ਬੀਤੇ ਦਿਨੀਂ ਅੰਮਿ੍ਤਸਰ ਵਿਚ ਵਿਧਾਇਕਾਂ ਦੀ ਮੰਗ ਵਿਚ ਹੀ ਤਿਆਰ ਕਰ ਕੇ ਇਸ ਨੂੰ  ਸੌਂਪਣ ਲਈ ਮੁੱਖ ਮੰਤਰੀ ਨੂੰ  ਮਿਲਣ ਦੀ ਡਿਊਟੀ ਨਾਗਰਾ ਦੀ ਲਾਈ ਗਈ ਸੀ | 
ਨਾਗਰਾ ਨੇ ਅੱਜ ਮੁੱਖ ਮੰਤਰੀ ਨੂੰ  ਮਿਲਣ ਬਾਅਦ ਦਸਿਆ ਕਿ ਉਨ੍ਹਾਂ ਨੇ ਸੱਦਾ ਸਵੀਕਾਰ ਕਰ ਲਿਆ ਹੈ ਅਤੇ ਉਹ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਣਗੇ ਇਸੇ ਦੌਰਾਨ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਨੇ ਦਸਿਆ ਕਿ ਕੈਪਟਨ ਨੇ ਤਾਜਪੋਸ਼ੀ ਸਮਾਰੋਹ ਤੋਂ ਪਹਿਲਾਂ ਸਾਰੇ ਵਿਧਾਇਕਾਂ ਨੂੰ  ਸਵੇਰੇ 10 ਵਜੇ ਪੰਜਾਬ ਭਵਨ ਵਿਚ ਚਾਹ ਪਾਰਟੀ ਲਈ ਸੱਦਾ ਦਿਤਾ ਹੈ | ਇਥੋਂ ਹੀ ਸਾਰੇ ਪੰਜਾਬ ਕਾਂਗਰਸ ਭਵਨ ਵੱਲ ਰਵਾਨਾ ਹੋਣਗੇ | ਚਾਰੇ ਕਾਰਜਕਾਰੀ ਪ੍ਰਧਾਨ ਵੀ ਅੱਜ ਹੀ ਅਹੁਦੇ ਸੰਭਾਲਣਗੇ |