ਸੀਐੱਮ ਮਾਨ ਨੇ ਭਾਖੜਾ ਡੈਮ ਦਾ ਕੀਤਾ ਦੌਰਾ, ਲੋਕਾਂ ਨੂੰ ਕਿਹਾ - ਸਥਿਤੀ ਕੰਟਰੋਲ ਵਿਚ ਹੈ ਡਰਨ ਵਾਲੀ ਕੋਈ ਗੱਲ ਨਹੀਂ 

ਏਜੰਸੀ

ਖ਼ਬਰਾਂ, ਪੰਜਾਬ

ਭਾਖੜਾ ਡੈਮ ਤੋਂ ਕਿਸੇ ਨੂੰ ਕੋਈ ਖ਼ਤਰੇ ਵਾਲੀ ਗੱਲ ਨਹੀਂ - CM Mann

CM Bhagwant Mann

ਨੰਗਲ - ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਖੜਾ ਡੈਮ ਵਿਚ ਪਾਣੀ ਦੇ ਵਧ ਰਹੇ ਪੱਧਰ ਦਾ ਜਾਇਜ਼ਾ ਲੈਣ ਪਹੁੰਚੇ। ਜਿੱਥੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਨਾ ਡਰਨ ਲਈ ਕਿਹਾ। ਮੁੱਖ ਮੰਤਰੀ ਨੇ ਕਿਹਾ ਕਿ ਭਾਖੜਾ ਵਿਚ ਸਥਿਤੀ ਕਾਬੂ ਹੇਠ ਹੈ। ਡਰਨ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਨੂੰ ਡੈਮ ਦੇ ਫਲੱਡ ਗੇਟ ਨਾ ਖੋਲ੍ਹਣ ਲਈ ਕਿਹਾ ਹੈ।  

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਅਗਲੇ 4-5 ਦਿਨਾਂ ਵਿਚ ਹਿਮਾਚਲ ਅਤੇ ਪੰਜਾਬ ਵਿਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਜੇਕਰ ਪਹਾੜੀ ਖੇਤਰ ਤੋਂ ਡੈਮ ਵਿੱਚ ਪਾਣੀ ਦੀ ਜ਼ਿਆਦਾ ਆਮਦ ਨਾ ਹੋਈ ਤਾਂ ਭਾਖੜਾ ਤੋਂ ਵਾਧੂ ਪਾਣੀ ਛੱਡਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਸਤਲੁਜ ਦਰਿਆ ਨੂੰ ਚੈਨਲਾਈਜ਼ ਕਰਨ ਅਤੇ ਦਰਿਆਵਾਂ ਦੀ ਸਫ਼ਾਈ ਕਰਵਾਉਣ ਬਾਰੇ ਵੀ ਗੱਲ ਕੀਤੀ। 

ਸੀਐੱਮ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਸਿਰਫ਼ ਪੁਰਾਤਨ ਸਿੰਚਾਈ ਪ੍ਰਣਾਲੀ ਦੇ ਨਾਂ 'ਤੇ ਪੈਸਾ ਹੜੱਪਿਆ ਗਿਆ, ਜਦਕਿ ਸਾਡੀ ਸਰਕਾਰ 'ਚ ਪੰਜਾਬ ਦੇ ਕਈ ਇਲਾਕਿਆਂ 'ਚ ਪਾਣੀ ਲੋਕਾਂ ਦੇ ਖੇਤਾਂ ਤੱਕ ਪਹੁੰਚ ਗਿਆ। ਪਹਿਲਾਂ ਦੀਆਂ ਸਰਕਾਰਾਂ ਸਿੰਚਾਈ ਦੇ ਨਾਂ 'ਤੇ ਘਪਲੇ ਕਰਦੀਆਂ ਰਹੀਆਂ, ਜਿਸ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਜਲਦੀ ਹੀ ਨਤੀਜਾ ਸਾਹਮਣੇ ਆਉਣਗੇ। 

ਅੰਕੜਿਆਂ ਅਨੁਸਾਰ ਡੈਮ ਵਿਚ ਪਾਣੀ ਦਾ ਪੱਧਰ 1653 ਪੁਆਇੰਟ ਯਾਨੀ 84 ਫੁੱਟ ਤੱਕ ਪਹੁੰਚ ਗਿਆ ਹੈ, ਜੋ ਕਿ 1682 ਦੇ ਖ਼ਤਰੇ ਦੇ ਨਿਸ਼ਾਨ ਤੋਂ 29 ਫੁੱਟ ਘੱਟ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਭਾਖੜਾ ਡੈਮ ਵਿਚ ਪਾਣੀ ਦੀ ਆਮਦ 81804 ਕਿਊਸਿਕ ਹੈ, ਜਦਕਿ ਭਾਖੜਾ ਤੋਂ 39910 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਉਂਝ ਭਾਖੜਾ ਦਾ ਪਾਣੀ ਸਟੋਰ ਕਰਨ ਦਾ ਪੱਧਰ 1685 ਫੁੱਟ ਤੱਕ ਹੈ।