ਮੀਂਹ ਨਾਲ ਜਲ-ਥਲ ਹੋਇਆ ਸ਼ਹਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਬਰਨਾਲਾ ਵਿਚ ਹੋਈ ਬਾਰਿਸ਼ ਨੇ ਬਰਨਾਲਾ ਸ਼ਹਿਰ ਨੂੰ ਜਲ ਥਲ ਬਣਾ ਕੇ ਰੱਖ ਦਿਤਾ...............

City View

ਬਰਨਾਲਾ : ਬੀਤੇ ਦਿਨੀਂ ਬਰਨਾਲਾ ਵਿਚ ਹੋਈ ਬਾਰਿਸ਼ ਨੇ ਬਰਨਾਲਾ ਸ਼ਹਿਰ ਨੂੰ ਜਲ ਥਲ ਬਣਾ ਕੇ ਰੱਖ ਦਿਤਾ। ਸ਼ਹਿਰ ਦੀ ਸ਼ਾਇਦ ਹੀ ਕੋਈ ਐਸੀ ਜਗ੍ਹਾ ਬਚੀ ਹੋਵੇ ਜਿੱਥੇ ਪਾਣੀ ਨਾ ਖੜ੍ਹਿਆ ਹੋਵੇ। ਇਸ ਪਾਣੀ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਇਸ ਮੀਂਹ ਦੇ ਖੜ੍ਹੇ ਪਾਣੀ ਨੇ ਲੋਕਾਂ ਲਈ ਪ੍ਰੇਸ਼ਾਨੀ ਖੜੀ ਕਰ ਦਿਤੀ। ਜਿਸ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਦਰ ਬਜਾਰ, ਬੱਸ ਸਟੈਂਡ ਰੋਡ, ਤਰਕਸ਼ੀਲ ਚੌਂਕ, ਰੇਲਵੇ ਸਟੇਸ਼ਨ ਨਜਦੀਕ, ਜੰਡਾ ਵਾਲਾ ਰੋਡ, ਰਾਮ ਬਾਗ ਰੋਡ, ਸੇਖਾ ਰੋਡ ਆਦਿ ਤੋਂ ਇਲਾਵਾ ਕਈ ਮੁਹੱਲੇ ਅਤੇ ਗਲੀਆਂ ਵਿੱਚ ਕਾਫ਼ੀ ਪਾਣੀ ਜਮਾਂ ਹੋ ਗਿਆ।

ਜਿਕਰਯੋਗ ਹੈ ਕਿ ਸ਼ਹਿਰ ਦੀ ਕੋਈ ਵੀ ਐਸੀ ਸੜਕ ਨਹੀਂ ਜਿਸ ਵਿੱਚ ਸੜਕ ਟੁੱਟਣ ਕਾਰਣ ਟੋਏ ਨਾ ਪਏ ਹੋਏ ਹੋਣ। ਇਨ੍ਹਾਂ ਟੋਇਆ ਵਿੱਚ ਜਿੱਥੇ ਬਾਰਿਸ਼ ਦਾ ਪਾਣੀ ਖੜ੍ਹ ਜਾਂਦਾ ਹੈ। ਉਥੇ ਹੀ ਲੰਘਣ ਵਾਲੇ ਰਾਹਗੀਰਾਂ ਨੂੰ ਮੀਂਹ ਦੇ ਪਾਣੀ ਨਾਲ ਭਰੇ ਟੋਇਆਂ ਦਾ ਪਤਾ ਨਾ ਚੱਲਣ ਕਰਕੇ ਰਾਹਗੀਰ ਸੱਟਾਂ ਖਾਕੇ ਜਖਮੀ ਹੋ ਜਾਂਦੇ ਹਨ। ਨਗਰ ਕੌਂਸਲ ਦਾ ਸੜਕਾਂ ਵੱਲ ਕੋਈ ਧਿਆਨ ਨਾ ਹੋਣ ਕਰਕੇ ਜਿੱਥੇ ਸੜਕਾਂ ਤਾਂ ਟੁੱਟੀਆਂ ਹੋਈਆਂ ਹੀ ਹਨ, ਉਥੇ ਇਸ ਪਏ ਮੀਂਹ ਨੇ ਨਗਰ ਕੌਂਸਲ ਦੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ।