ਐਕਸ਼ਨ ਕਮੇਟੀ ਨੇ ਧਰਨਾ ਲਗਾ ਕੇ ਕੀਤਾ ਚੱਕਾ ਜਾਮ
ਲੋਕ ਮੰਚ ਵਲੋਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਡਾਕਟਰਾਂ ਦੀਆਂ ਅਸਾਮੀਆਂ...............
ਸ਼ੇਰਪੁਰ : ਲੋਕ ਮੰਚ ਵਲੋਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਡਾਕਟਰਾਂ ਦੀਆਂ ਅਸਾਮੀਆਂ ਨੂੰ ਭਰਨ ਲਈ ਅਤੇ ਐਮਰਜੈਂਸੀ ਸੇਵਾਵਾਂ ਸ਼ੁਰੂ ਕਰਵਾਉਣ ਸੰਘਰਸ਼ ਕਮੇਟੀ ਬਣਾ ਕੇ ਪਿਛਲੇ 10 ਦਿਨਾਂ ਤੋਂ ਸੰਘਰਸ਼ ਲੜਿਆ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਅੱਜ ਸੰਘਰਸ਼ ਕਮੇਟੀ ਵਲੋਂ ਕਾਤਰੋਂ ਚੌਂਕ ਸ਼ੇਰਪੁਰ ਵਿਖੇ ਧਰਨਾ ਦਿਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਅਤੇ ਭਰਾਤਰੀ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਮੌਕੇ ਵਪਾਰ ਮੰਡਲ ਸ਼ੇਰਪੁਰ ਵਲੋਂ ਵਪਾਰਕ ਅਦਾਰੇ ਪੂਰੀ ਤਰ੍ਹਾਂ ਨਾਲ ਬੰਦ ਰੱਖ ਕੇ ਸੰਘਰਸ਼ ਕਮੇਟੀ ਨੂੰ ਹਮਾਇਤ ਦਿਤੀ ਗਈ।
ਇਸ ਮੌਕੇ ਸੰਘਰਸ਼ ਕਮੇਟੀ ਦੇ ਆਗੂ ਸੁਖਦੇਵ ਸਿੰਘ ਬੜੀ, ਮਾ. ਹਰਬੰਸ ਸਿੰਘ ਸ਼ੇਰਪੁਰ, ਗੁਰਨਾਮ ਸਿੰਘ ਸ਼ੇਰਪੁਰ ਨੇ ਕਿਹਾ ਕਿ ਇਕ ਪਾਸੇ ਤਾਂ ਸੂਬਾ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਪਰ 38 ਪਿੰਡਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਸ਼ੇਰਪੁਰ ਦੇ ਸਰਕਾਰੀ ਹਸਪਤਾਲ ਵਿਚ ਪਿਛਲੇ 9 ਸਾਲਾਂ ਤੋਂ ਡਾਕਟਰੀ ਸਹਾਇਤਾ ਤੇ ਐਮਰਜੈਂਸੀ ਸੇਵਾਵਾਂ ਬੰਦ ਪਈਆਂ ਹਨ। ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ 5.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਇਹ ਹਸਪਤਾਲ ਲੋਕਾਂ ਲਈ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਪਿਛਲੇ 10 ਦਿਨਾਂ ਤੋਂ ਹਸਪਤਾਲ ਅੱਗੇ ਧਰਨਾ ਦਿਤਾ ਜਾ ਰਿਹਾ ਹੈ, ਪਰ ਨਾ ਤਾ ਕਿਸੇ ਸਰਕਾਰ ਦੇ ਨੁਮਾਇੰਦੇ ਅਤੇ ਨਾ ਹੀ ਪ੍ਰਸ਼ਾਸਨਕ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਹਸਪਤਾਲ ਦੀਆਂ ਘਾਟਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ ।
ਇਸ ਧਰਨੇ ਵਿਚ ਪਹੁੰਚੇ ਪੰਜਾਬ ਸਰਕਾਰ ਦੇ ਸਾਬਕਾ ਪਾਰਲੀਮਾਨੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੇਵਾਦਾਰ ਹੋਣ ਦੇ ਨਾਤੇ ਸੰਘਰਸ਼ ਕਮੇਟੀ ਨੂੰ ਪੂਰੀ ਹਮਾਇਤ ਦੇਣਗੇ। ਧਰਨੇ ਵਿਚ ਪਹੁੰਚੇ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਸ਼ੇਰਪੁਰ ਦੇ ਹਸਪਤਾਲ ਦਾ ਮੁੱਦਾ ਉਹ ਵਿਧਾਨ ਸਭਾ ਵਿਚ ਚੁੱਕਣਗੇ।