'ਆਪ' ਦੇ ਨਵੇਂ ਚੀਫ ਵੀਪ੍ਹ ਕੁਲਤਾਰ ਸਿੰਘ ਸੰਧਵਾਂ ਦੇ ਹਲਕੇ 'ਚ ਗਰਜੇ ਸੁਖਪਾਲ ਖਹਿਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਦੇ ਨਵੇਂ ਬਣੇ ਚੀਫ ਵਿੱਪ੍ਹ ਕੁਲਤਾਰ ਸਿੰਘ ਸੰਧਵਾਂ ਦੇ ਹਲਕੇ 'ਚ ਰੱਖੀ ਕਨਵੈਨਸ਼ਨ ਦੌਰਾਨ 7 ਬਾਗੀ ਵਿਧਾਇਕਾਂ ਸਮੇਤ ਹਾਜਰੀ ਭਰਦਿਆਂ.............

Sukhpal Khaira With AAP's Rebel Legislators

ਕੋਟਕਪੂਰਾ : ਆਮ ਆਦਮੀ ਪਾਰਟੀ ਦੇ ਨਵੇਂ ਬਣੇ ਚੀਫ ਵਿੱਪ੍ਹ ਕੁਲਤਾਰ ਸਿੰਘ ਸੰਧਵਾਂ ਦੇ ਹਲਕੇ 'ਚ ਰੱਖੀ ਕਨਵੈਨਸ਼ਨ ਦੌਰਾਨ 7 ਬਾਗੀ ਵਿਧਾਇਕਾਂ ਸਮੇਤ ਹਾਜਰੀ ਭਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸੰਬੋਧਨ ਦੌਰਾਨ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਦੇ ਸੁਪਨੇ ਸਾਕਾਰ ਕਰਨ ਲਈ ਆਉਂਦੀਆਂ 2019 ਅਤੇ 2022 ਦੀਆਂ ਚੋਣਾਂ 'ਚ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਭ੍ਰਿਸ਼ਟਾਚਾਰ ਰਾਜ ਨੂੰ ਖਤਮ ਕਰਕੇ ਆਮ ਲੋਕਾਂ ਦੀ ਸਰਕਾਰ ਬਣਾਈ ਜਾਵੇਗੀ ਜਿਸ ਵਿਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾਵੇਗਾ।

ਉਨਾ ਆਖਿਆ ਕਿ ਬਾਦਲ ਅਤੇ ਕੈਪਟਨ ਸਰਕਾਰ ਨੇ ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਵੀ ਉਲਝਾ ਦਿੱਤਾ ਹੈ ਇਸ ਲਈ ਲੋਕਾਂ ਦੇ ਮਸਲੇ ਵਿਚਾਰਨ ਵਾਸਤੇ ਪੰਜਾਬ ਵਿਧਾਨ ਸਭਾ ਦੇ ਲੰਮੇ ਸਮੇਂ ਦੇ ਸ਼ੈਸ਼ਨ ਦੀ ਲੋੜ ਹੈ ਪਰ ਕੈਪਟਨ ਸਰਕਾਰ ਨੇ ਸਿਰਫ ਪੰਜ ਦਿਨਾਂ ਦਾ ਸ਼ੈਸ਼ਨ ਰੱਖਿਆ ਹੈ ਜੋ ਛੁੱਟੀਆਂ, ਸ਼ਰਧਾਂਜਲੀਆਂ ਅਤੇ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਹੋਣ ਦੀ ਬਜਾਇ ਰੌਲਾ ਰੱਪਾ ਪਾ ਕੇ ਲੰਘਾ ਦਿੱਤਾ ਜਾਵੇਗਾ। 

ਸਥਾਨਕ ਨਵੀਂ ਦਾਣਾ ਮੰਡੀ ਵਿਖੇ ਆਮ ਆਦਮੀ ਪਾਰਟੀ ਜ਼ਿਲਾ ਫ਼ਰੀਦਕੋਟ ਦੀ ਭਰਵੀਂ ਵਲੰਟੀਅਰ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਪੁਲਿਸ ਵੱਲੋਂ ਕੀਤੇ ਗੋਲੀਕਾਂਡ ਦੇ ਦੋਸ਼ੀਆਂ ਦੀ ਬਾਦਲ ਸਰਕਾਰ ਨੇ ਕੋਈ ਨਿਸ਼ਾਨਦੇਹੀ ਨਹੀਂ ਕੀਤੀ ਅਤੇ ਮੌਜੂਦਾ ਕਾਂਗਰਸ ਸਰਕਾਰ ਨੇ ਨਾਮਜ਼ਦ ਹੋਏ ਪੁਲਿਸ ਅਧਿਕਾਰੀਆਂ, ਹੋਰ ਅਫ਼ਸਰਾਂ ਅਤੇ ਰਾਜਸੀ ਲੋਕਾਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ। ਉਨਾ ਕਿਹਾ ਕਿ 30 ਜੂਨ 2018 ਨੂੰ ਜਾਰੀ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੁੱਖ ਮੰਤਰੀ ਪੰਜਾਬ ਨੇ ਠੰਢੇ ਬਸਤੇ ਪਾ ਦਿੱਤਾ।

ਉਨ੍ਹਾਂ ਆਮ ਆਦਮੀ ਪਾਰਟੀ 'ਚ ਪੈਦਾ ਹੋਏ ਵਿਵਾਦ 'ਤੇ ਬੋਲਦਿਆਂ ਕਿਹਾ ਕਿ ਉਹ ਏਕਤਾ ਦੇ ਹੱਕ 'ਚ ਹਨ ਪਰ ਉਹ ਬਠਿੰਡਾ ਕਨਵੈਨਸ਼ਨ ਵਿਚ ਪਾਸ ਕੀਤੇ 6 ਮਤਿਆਂ ਤੋਂ ਟੱਸ ਤੋਂ ਮੱਸ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦਾ ਢਾਂਚਾ ਪਿਛਲੇ 17 ਮਹੀਨਿਆਂ ਤੋਂ ਵਿਗੜਨ ਕਾਰਨ ਪਾਰਟੀ ਵਰਕਰ ਨਿਰਾਸ਼ ਹੋ ਕੇ ਘਰਾਂ ਵਿਚ ਬੈਠ ਗਏ ਹਨ। ਜਿਸ ਕਰਕੇ ਵਿਧਾਨ ਸਭਾ ਸ਼ਾਹਕੋਟ ਦੀ ਜ਼ਿਮਨੀ ਚੋਣ 'ਚ ਪਾਰਟੀ ਦਾ ਉਮੀਦਵਾਰ ਸਿਰਫ 1900 ਵੋਟਾਂ 'ਤੇ ਸਿਮਟ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਇਕਾਈ ਨੂੰ ਖੁਦਮੁਖਤਿਆਰ ਬਣਾ ਕੇ ਹੇਠਲੇ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ। 

ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਨੇ ਬਠਿੰਡਾ ਕਨਵੈਨਸ਼ਨ ਦੇ ਪਾਸ ਕੀਤੇ 6 ਮਤੇ ਹਾਜ਼ਰ ਇਕੱਠ ਕੋਲੋਂ ਹੱਥ ਖੜ੍ਹੇ ਕਰਵਾ ਕੇ ਪਾਸ ਕਰਵਾਏ। ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਨੂੰ ਬਿਕਰਮਜੀਤ ਸਿੰਘ ਮਜੀਠੀਏ ਤੋਂ ਮਾਫ਼ੀ ਨਹੀਂ ਸੀ ਮੰਗਣੀ ਚਾਹੀਦੀ ਸੀ। ਇਸ ਕਨਵੈਨਸ਼ਨ ਨੂੰ ਪਿਰਮਲ ਸਿੰਘ ਖਾਲਸਾ ਵਿਧਾਇਕ ਭਦੌੜ, ਜੈ ਸ਼ੰਕਰ ਰੋੜੀ ਵਿਧਾਇਕ ਗੜ੍ਹਸ਼ੰਕਰ, ਜਗਦੇਵ ਸਿੰਘ ਕਮਾਲੂ ਵਿਧਾਇਕ ਮੌੜ, ਪੀ.ਏ.ਸੀ ਮੈਂਬਰਾਂ ਗੁਰਪ੍ਰਤਾਪ ਸਿੰਘ ਅਤੇ ਕਰਮਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।