ਕੁਰਬਾਨੀ ਦਾ ਗੋਸ਼ਤ ਰਿਸ਼ੇਤਦਾਰਾਂ ਨੂੰ ਦੇਣ ਜਾ ਰਿਹਾ ਮੁੰਡਾ ਸੜਕ ਹਾਦਸੇ 'ਚ ਹਲਾਕ
ਬਕਰੀਦ ਮੌਕੇ ਕੁਰਬਾਨੀ ਦਾ ਗੋਸ਼ਤ ਸਾਈਕਲ 'ਤੇ ਰਿਸ਼ੇਤਦਾਰਾਂ ਨੂੰ ਦੇਣ ਜਾ ਰਿਹਾ 14 ਸਾਲਾ ਮੁੰਡਾ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਦਮ ਤੋੜ ਗਿਆ..............
ਮਾਲੇਰਕੋਟਲਾ : ਬਕਰੀਦ ਮੌਕੇ ਕੁਰਬਾਨੀ ਦਾ ਗੋਸ਼ਤ ਸਾਈਕਲ 'ਤੇ ਰਿਸ਼ੇਤਦਾਰਾਂ ਨੂੰ ਦੇਣ ਜਾ ਰਿਹਾ 14 ਸਾਲਾ ਮੁੰਡਾ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਦਮ ਤੋੜ ਗਿਆ। ਰੁਸਤਮ ਅਲੀ ਦਾ ਮੁੰਡਾ ਸ਼ਹਿਰ ਦੇ ਨਾਮਧਾਰੀ ਸ਼ਹੀਦੀ ਸਮਾਰਕ ਤੋਂ ਥੋੜੀ ਹੀ ਵਿੱਥ 'ਤੇ ਕੂਹਣੀ ਮੋੜ ਉਤੇ ਪਲਟੇ ਟੈਂਕਰ ਦੀ ਲਪੇਟ ਵਿਚ ਆ ਗਿਆ। ਮੁਹੰਮਦ ਖਾਲਿਦ ਸਾਈਕਲ 'ਤੇ ਕੁਰਬਾਨੀ ਦਾ ਗੋਸ਼ਤ ਕਰੀਬੀ ਰਿਸ਼ਤੇਦਾਰਾਂ ਨੂੰ ਦੇਣ ਜਾ ਰਿਹਾ ਸੀ ਤਾਂ ਪਿੱਛੋਂ ਆ ਰਿਹਾ ਗੁੜ ਦੇ ਸੀਰੇ ਨਾਲ ਭਰਿਆ ਟੈਂਕਰ ਕੂਹਣੀ ਮੋੜ ਤੋਂ ਸੰਤੁਲਨ ਵਿਗੜ ਜਾਣ ਕਾਰਨ ਪਲਟ ਗਿਆ ਜਿਸ ਦੀ ਲਪੇਟ ਵਿਚ ਆ ਜਾਣ ਕਾਰਨ ਖਾਲਿਦ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਲੋਕਾਂ ਨੇ ਟੈਂਕਰ ਦੇ ਡਰਾਈਵਰ ਨੂੰ ਜ਼ਖ਼ਮੀ ਹਾਲਤ ਵਿਚ ਬਾਹਰ ਕਢਿਆ। ਲੋਕਾਂ ਨੇ ਟੈਂਕਰ ਵਿਚ ਪਈਆਂ ਸ਼ਰਾਬ ਦੀਆਂ ਬੋਤਲਾਂ ਵੀ ਵਿਖਾਈਆਂ। ਟੈਂਕਰ ਦੇ ਡਰਾਈਵਰ ਨੇ ਕਿਹਾ ਕਿ ਉਸ ਨੇ ਬੀਅਰ ਪੀਤੀ ਹੋਈ ਸੀ ਤੇ ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਵਿਚ ਟੈਂਕਰ ਪਲਟ ਗਿਆ। ਥਾਣਾ ਮੁਖੀ ਹਰਵਿੰਦਰ ਸਿੰਘ ਖਹਿਰਾ ਪੁਲਿਸ ਟੀਮ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਟੈਂਕਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ।