ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ, ਦੁਕਾਨਾਂ ਖੋਲ੍ਹਣ ਲਈ ਲਾਗੂ ਹੋਇਆ Odd-Even ਫਾਰਮੂਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਏ ਦਿਨ ਕਹਿਰ ਢਾਹ ਰਹੇ ਕੋਰੋਨਾ ਵਾਇਰਸ ਦੇ ਅੰਕੜਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਸਖ਼ਤ ਹੋ ਗਈ ਹੈ।

Even-odd system in Ludhiana

ਲੁਧਿਆਣਾ: ਆਏ ਦਿਨ ਕਹਿਰ ਢਾਹ ਰਹੇ ਕੋਰੋਨਾ ਵਾਇਰਸ ਦੇ ਅੰਕੜਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਸਖ਼ਤ ਹੋ ਗਈ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਸਭ ਤੋਂ ਪਹਿਲਾਂ ਲੁਧਿਆਣਾ ਦਾ ਨਾਮ ਆਉਂਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਲੁਧਿਆਣਾ ਪ੍ਰਸ਼ਾਸਤ ਹੋਰ ਸਖ਼ਤ ਹੋ ਗਿਆ ਹੈ। ਇਸ ਦੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣ ਦੁਕਾਨਾਂ ਖੋਲ੍ਹਣ ਲਈ ਔਡ-ਈਵਨ ਫਾਰਮੂਲਾ ਲਾਗੂ ਕਰਨ ਦਾ ਫੈਸਲਾ ਲਿਆ ਹੈ।

ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਫਾਰਮੂਲੇ ਨੂੰ ਲਾਗੂ ਕਰਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਤਹਿਤ ਔਡ ਨੰਬਰ ਵਾਲੇ ਦਿਨ ਔਡ ਨੰਬਰ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਅਤੇ ਈਵਨ ਵਾਲੇ ਦਿਨ ਈਵਨ ਨੰਬਰ ਵਾਲੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੀਆਂ ਦੁਕਾਨਾਂ ‘ਤੇ ਨੰਬਰ ਲੱਗੇ ਹੋਏ ਹਨ, ਉਹ ਠੀਕ ਹਨ ਤੇ ਜਿਨ੍ਹਾਂ ਦੁਕਾਨਾਂ ‘ਤੇ ਨੰਬਰ ਨਹੀਂ ਲਗਾਏ ਗਏ, ਉਹਨਾਂ ਦੇ ਨੰਬਰ ਦੁਕਾਨਦਾਰ ਐਸੋਸੀਏਸ਼ਨ ਵੱਲੋਂ ਲਗਾ ਦਿੱਤੇ ਜਾਣਗੇ। ਦੱਸ ਦਈਏ ਕਿ ਇਹ ਫਾਰਮੂਲਾ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਗੈਰ-ਜ਼ਰੂਰੀ ਸਾਮਾਨ ਦੀਆਂ ਦੁਕਾਨਾਂ ’ਤੇ ਲਾਗੂ ਹੋਵੇਗਾ। ਉਹਨਾਂ ਕਿਹਾ ਕਿ ਇਕ ਦਿਨ ਵਿਚ 50 ਫੀਸਦੀ ਤੋਂ ਜ਼ਿਆਦਾ ਦੁਕਾਨਾਂ ਨਹੀਂ ਖੁੱਲ਼੍ਹਣਗੀਆਂ।

ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਫਿਲਹਾਲ 22 ਅਗਸਤ ਤੋਂ ਲੈ ਕੇ 31 ਅਗਸਤ ਤੱਕ ਜਾਰੀ ਰਹਿਣਗੀਆਂ। ਦੱਸ ਦਈਏ ਕਿ ਜ਼ਿਲ੍ਹੇ ਵਿਚ ਬੀਤੇ ਦਿਨ ਕੋਰੋਨਾ ਵਾਇਰਸ ਦੇ 360 ਨਵੇਂ ਮਾਮਲੇ ਦਰਜ ਕੀਤੇ ਗਏ, ਜਿਸ ਦੇ ਚਲਦਿਆਂ ਜ਼ਿਲ੍ਹੇ ਵਿਚ ਕੁੱਲ਼ ਮਾਮਲਿਆਂ ਦੀ ਗਿਣਤੀ 8508 ਹੋ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦਾ ਅੰਕੜਾ ਵਧ ਕੇ 303 ਤੱਕ ਪਹੁੰਚ ਗਿਆ ਹੈ। ਐਕਟਿਵ ਮਾਮਲਿਆਂ ਦੀ ਗੱਲ਼ ਕਰੀਏ ਤਾਂ ਹੁਣ ਤੱਕ ਜ਼ਿਲ੍ਹੇ ਵਿਚ 2,258 ਐਕਟਿਵ ਮਾਮਲੇ ਹਨ।