'ਸਿੱਖਜ਼ ਫ਼ਾਰ ਜਸਟਿਸ ਪੰਜਾਬ 'ਚ ਯੂ.ਏ.ਪੀ.ਏ. ਤਹਿਤ ਹਿਰਾਸਤ ਵਿਚ ਲਏ ਨੌਜਵਾਨਾਂ ਬਾਰੇ ਚੁੱਪ ਕਿਉਂ?'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਨੇਡਾ ਦੇ ਸਿੱਖ ਆਗੂ ਕੁਲਬੀਰ ਸਿੰਘ ਨੇ ਕਿਹਾ ਹੈ ਕਿ ਸਿੱਖਜ਼ ਫ਼ਾਰ ਜਸਟਿਸ ਪੰਜਾਬ ਵਿਚ ਯੂ.ਏ.ਪੀ.ਏ ਤਹਿਤ ਹਿਰਾਸਤ ਵਿਚ ਲਏ ਜਾ ਰਹੇ ਨੌਜਵਾਨਾਂ .........

sikhs for justice

ਅੰਮ੍ਰਿਤਸਰ: ਕੈਨੇਡਾ ਦੇ ਸਿੱਖ ਆਗੂ ਕੁਲਬੀਰ ਸਿੰਘ ਨੇ ਕਿਹਾ ਹੈ ਕਿ ਸਿੱਖਜ਼ ਫ਼ਾਰ ਜਸਟਿਸ ਪੰਜਾਬ ਵਿਚ ਯੂ.ਏ.ਪੀ.ਏ ਤਹਿਤ ਹਿਰਾਸਤ ਵਿਚ ਲਏ ਜਾ ਰਹੇ ਨੌਜਵਾਨਾਂ ਬਾਰੇ ਚੁੱਪ ਕਿਉਂ ਹੈ? ਅੱਜ ਭੇਜੇ ਇਕ ਸੁਨੇਹੇ ਵਿਚ ਕੁਲਬੀਰ ਸਿੰਘ ਨੇ ਕਿਹਾ ਕਿ ਅਸੀ ਸਿੱਖਜ਼ ਫ਼ਾਰ ਜਸਟਿਸ ਅਤੇ ਗੁਰਪਤਵੰਤ ਸਿੰਘ ਪਨੂੰ ਦੇ ਰੈਫ਼ਰੰਡਮ ਦੇ ਉਪਰਾਲੇ ਦੀ ਵਿਰੋਧਤਾ ਨਹੀਂ ਕਰ ਰਹੇ ਪਰ ਰੈਫ਼ਰੰਡਮ ਮਾਮਲੇ 'ਤੇ ਜੋ ਸਵਾਲ ਉਠ ਰਹੇ ਹਨ ਉਨ੍ਹਾਂ ਦਾ ਜਵਾਬ ਮੰਗ ਰਹੇ ਹਾਂ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਰੈਫ਼ਰੰਡਮ ਦੇ ਨਾਮ 'ਤੇ ਹੋ ਰਹੀਆਂ ਗ੍ਰਿਫ਼ਤਾਰੀਆਂ ਨੂੰ ਲੈ ਕੇ ਕੋਈ ਵੀ ਨਹੀਂ ਬੋਲ ਰਿਹਾ। ਇਸ ਮਾਮਲੇ 'ਤੇ ਉਹ ਗੁਰਦਵਾਰਾ ਕਮੇਟੀਆਂ ਵੀ ਖਾਮੋਸ਼ ਹਨ ਜੋ ਕਹਿੰਦੀਆਂ ਹੁੰਦੀਆਂ ਸਨ ਕਿ ਅਸੀ ਅਪਣੇ ਗੁਰੂ ਘਰਾਂ ਵਿਚ ਭਾਰਤੀ ਸਫ਼ਾਰਤਖ਼ਾਨਿਆਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਾਖ਼ਲ ਹੀ ਨਹੀਂ ਹੋਣ ਦਿਆਂਗੇ। 

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿਚ ਕਰੀਬ 400 ਤੋਂ 500 ਦੇ ਕਰੀਬ ਨੌਜਵਾਨ ਪੁਲਿਸ ਦੀ ਹਿਰਾਸਤ ਵਿਚ ਹਨ ਤੇ ਇਸ ਬਾਰੇ ਕੋਈ ਵੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ। ਕੁਲਬੀਰ ਸਿੰਘ ਨੇ ਸਵਾਲ ਕੀਤਾ ਕਿ ਭਾਰਤ ਸਰਕਾਰ ਰੈਫ਼ਰੰਡਮ ਬਾਰੇ ਤਾਂ ਖ਼ਬਰਾਂ ਜਾਰੀ ਕਰਨ ਲਈ ਪਨੂੰ ਨੂੰ ਅਧਿਕਾਰ ਦਿਤੇ ਹਨ ਪਰ ਸਿੱਖ ਬੱਚਿਆਂ ਬਾਰੇ ਗੱਲ ਕਰਨ ਤੋਂ ਰੋਕਿਆ ਹੈ।

ਉਨ੍ਹਾਂ ਮੋਗਾ ਵਿਚ ਖ਼ਾਲਿਸਤਾਨੀ ਝੰਡੇ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਇਹ ਅਣਪਛਾਤਿਆਂ ਦਾ ਕੰਮ ਹੈ। ਪਨੂੰ ਇਸ ਬਾਰੇ ਇਨਾਮ ਦੇ ਰੂਪ ਵਿਚ ਵੱਡੀ ਰਕਮ ਵੀ ਰਖਦੇ ਹਨ, ਫਿਰ ਜਿਸ ਨੇ ਇਹ ਕੰਮ ਕੀਤਾ ਹੈ ਉਹ ਸਾਹਮਣੇ ਆ ਕੇ ਇਨਾਮ ਦੀ ਰਾਸ਼ੀ ਕਿਉਂ ਨਹੀਂ ਲੈ ਰਿਹਾ? ਪਨੂੰ ਵੀ ਇਸ ਮਾਮਲੇ 'ਤੇ ਇਨਾਮ ਦੀ ਰਾਸ਼ੀ ਜਾਰੀ ਕਰਨ ਦੀ ਬਜਾਏ ਅੱਗੋਂ ਹੋਰ ਰਕਮ ਇਨਾਮ ਦੇ ਰੂਪ ਵਿਚ ਰਖਦੇ ਜਾ ਰਹੇ ਹਨ।

ਉਨ੍ਹਾਂ ਕਿਹਾ,''ਮੈਨੂੰ ਸ਼ੱਕ ਹੈ ਕਿ ਮੋਗਾ ਵਿਚ ਝੰਡਾ ਕਿਸੇ ਸਰਕਾਰੀ ਵਿਅਕਤੀ ਨੇ ਲਹਿਰਾ ਕੇ ਮਾਹੌਲ ਵਿਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।''ਗੁਰਪਤਵੰਤ ਸਿੰਘ ਪਨੂੰ ਵਲੋਂ ਖ਼ਾਲਿਸਤਾਨ ਦੀ ਅਰਦਾਸ ਕਰਨ ਵਾਲਿਆਂ ਲਈ ਰੱਖੀ ਰਾਸ਼ੀ ਬਾਰੇ ਬੋਲਦਿਆਂ ਕੁਲਬੀਰ ਸਿੰਘ ਨੇ ਕਿਹਾ ਕਿ ਅਰਦਾਸ ਕੀਮਤ ਤਹਿ ਕਰ ਕੇ ਨਹੀਂ ਕੀਤੀ ਜਾਂਦੀ ਤੇ ਨਾ ਹੀ ਕਰਵਾਈ ਜਾਂਦੀ ਹੈ। ਇਹ ਸਾਡੀਆਂ ਪ੍ਰੰਪਰਾਵਾਂ ਵਿਰੁਧ ਹੈ ਤੇ ਅਜਿਹਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।