ਜਲੰਧਰ 'ਚ ਫਿਲਹਾਲ ਜਾਰੀ ਰਹੇਗਾ ਗੰਨਾ ਕਿਸਾਨਾਂ ਦਾ ਧਰਨਾ, ਕੱਲ੍ਹ ਹੋਵੇਗੀ ਮੁੱਖ ਮੰਤਰੀ ਨਾਲ ਮੀਟਿੰਗ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਬਾਅਦ ਦੁਪਹਿਰ 3 ਵਜੇ ਮੀਟਿੰਗ ਹੋਣੀ ਹੈ।
ਜਲੰਧਰ: ਪੰਜਾਬ ਸਰਕਾਰ ਅਤੇ ਕਿਸਾਨ ਯੂਨੀਅਨ ਦਰਮਿਆਨ ਜਲੰਧਰ ਦੇ ਡੀ.ਸੀ. ਕੰਪਲੈਕਸ ਦੇ ਦਫਤਰ ਵਿਚ ਹੋਈ ਲੰਮੀ ਮੀਟਿੰਗ ਤੋਂ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ। ਦੋਵਾਂ ਦਰਮਿਆਨ ਮੀਟਿੰਗ ਦੋ ਘੰਟਿਆਂ ਤੋਂ ਵੱਧ ਚੱਲੀ। ਮੀਟਿੰਗ ਤੋਂ ਬਾਅਦ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਅਸੀਂ ਮਾਹਰਾਂ ਨੂੰ ਸਾਬਤ ਕਰ ਦਿੱਤਾ ਹੈ ਕਿ ਗੰਨੇ ਦੀ ਕੀਮਤ 470 ਰੁਪਏ ਪ੍ਰਤੀ ਕੁਇੰਟਲ ਆ ਰਹੀ ਹੈ।
ਫਿਰ ਵੀ, ਅਸੀਂ ਪਹਿਲਾਂ ਹੀ 400 ਰੁਪਏ ਦੀ ਮੰਗ ਕਰ ਚੁੱਕੇ ਹਾਂ, ਇਸ ਲਈ ਅਸੀਂ ਇਸ 'ਤੇ ਕਾਇਮ ਰਹਾਂਗੇ। ਮੀਟਿੰਗ ਵਿਚ ਪਹੁੰਚੇ ਖੇਤੀਬਾੜੀ ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਰ ਦਾ ਐਲਾਨ ਮੁੱਖ ਮੰਤਰੀ ਭਲਕੇ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਬੰਦ ਦੇ ਸੱਦੇ ਨੂੰ ਮੁਲਤਵੀ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਬਾਅਦ ਦੁਪਹਿਰ 3 ਵਜੇ ਮੀਟਿੰਗ ਹੋਣੀ ਹੈ।
ਉਸ ਤੋਂ ਬਾਅਦ ਵੀ ਜੇਕਰ ਸੁਣਵਾਈ ਨਾ ਹੋਈ ਤਾਂ ਪੰਜਾਬ ਬੰਦ ਦਾ ਐਲਾਨ ਕੀਤਾ ਜਾਵੇਗਾ। ਉਦੋਂ ਤੱਕ ਜਲੰਧਰ ਵਿਚ ਰਾਸ਼ਟਰੀ ਰਾਜਮਾਰਗ ਅਤੇ ਰੇਲਵੇ ਟ੍ਰੈਕ ਜਾਮ ਰਹਿਣਗੇ। ਦੱਸ ਦਈਏ ਕਿ ਸਰਕਾਰ ਅਤੇ ਕਿਸਾਨ ਯੂਨੀਅਨ ਦਰਮਿਆਨ ਹੋਈ ਇਸ ਮੀਟਿੰਗ ਵਿਚ ਉਤਪਾਦਨ ਲਾਗਤ ਨੂੰ ਲੈ ਕੇ ਮੁੱਦਾ ਅਟਕਿਆ ਹੋਇਆ ਹੈ। ਦਰਅਸਲ, ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਉਤਪਾਦਨ ਦੀ ਲਾਗਤ 392.50 ਪੈਸੇ ਆ ਰਹੀ ਹੈ, ਜਦੋਂ ਕਿ ਸਰਕਾਰ ਦਾ ਕਹਿਣਾ ਹੈ ਕਿ ਉਤਪਾਦਨ ਦੀ ਲਾਗਤ 350 ਰੁਪਏ ਆ ਰਹੀ ਹੈ। ਇਸ ਕਾਰਨ ਅੱਜ ਡੀਸੀ ਦਫਤਰ ਵਿਚ ਮੀਟਿੰਗ ਹੋਈ।
ਜਿਸ ਤੋਂ ਬਾਅਦ ਦੁਬਾਰਾ ਮੀਟਿੰਗ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ। ਹਾਲਾਂਕਿ ਮੰਗਲਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨ ਯੂਨੀਅਨ ਨਾਲ ਮੀਟਿੰਗ ਕਰਨਗੇ। ਜ਼ਿਕਰਯੋਗ ਹੈ ਕਿ ਕਿਸਾਨ ਯੂਨੀਅਨ ਅਤੇ ਪੰਜਾਬ ਸਰਕਾਰ ਨਾਲ ਹੋਈ ਇਸ ਮੀਟਿੰਗ ਵਿੱਚ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਜਗਜੀਤ ਧਲੇਵਾਲ, ਮਨਜੀਤ ਰਾਏ, ਕੁਲਦੀਪ ਸਿੰਘ ਬਜੀਦਪੁਰ, ਜੰਗਵੀਰ ਸਿੰਘ, ਹਰਮੀਤ ਕਾਦੀਆਂ, ਬਲਵਿੰਦਰ ਸਿੰਘ ਮੱਲਣੰਗਲ, ਸੁਖਪਾਲ ਸਿੰਘ, ਬਲਵਿੰਦਰ ਸਿੰਘ ਔਲਖ, ਕੁਲਵੰਤ ਸੰਧੂ ਸਮੇਤ ਬਲਦੇਵ ਸਿੰਘ ਸਿਰਸਾ ਹਾਜ਼ਰ ਸਨ।