ਹਰਿਆਣਵੀ ਡਾਂਸਰ ਸਪਨਾ ਚੌਧਰੀ ਵਿਰੁਧ ਗਿ੍ਫ਼ਤਾਰੀ ਵਾਰੰਟ ਜਾਰੀ
ਹਰਿਆਣਵੀ ਡਾਂਸਰ ਸਪਨਾ ਚੌਧਰੀ ਵਿਰੁਧ ਗਿ੍ਫ਼ਤਾਰੀ ਵਾਰੰਟ ਜਾਰੀ
ਲਖਨਊ, 22 ਅਗੱਸਤ : ਅਦਾਲਤ ਨੇ ਡਾਂਸ ਪ੍ਰੋਗਰਾਮ ਨੂੰ ਰੱਦ ਕਰਨ ਅਤੇ ਟਿਕਟ ਦੇ ਪੈਸੇ ਵਾਪਸ ਨਾ ਕਰਨ ਦੇ ਮਾਮਲੇ ਵਿੱਚ ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀ ਗ਼ੈਰ-ਹਾਜ਼ਰੀ ਲਈ ਗਿ੍ਫ਼ਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿਤਾ ਹੈ | ਏਸੀਜੇਐਮ ਸ਼ਾਂਤਨੂ ਤਿਆਗ਼ੀ ਨੇ ਮਾਮਲੇ ਦੀ ਅਗਲੀ ਸੁਣਵਾਈ 30 ਸਤੰਬਰ ਨੂੰ ਤੈਅ ਕੀਤੀ ਹੈ | ਇਸ ਮਾਮਲੇ 'ਚ 10 ਮਈ ਨੂੰ ਦੋਸ਼ੀ ਸਪਨਾ ਚੌਧਰੀ ਨੇ ਆਤਮ ਸਮਰਪਣ ਕਰ ਦਿਤਾ ਸੀ ਅਤੇ ਅੰਤਰਿਮ ਜ਼ਮਾਨਤ ਦੀ ਮੰਗ ਕੀਤੀ ਸੀ | ਅਦਾਲਤ ਨੇ ਅੰਤਰਿਮ ਜ਼ਮਾਨਤ ਦੇ ਦਿਤੀ ਸੀ | ਫਿਰ 8 ਜੂਨ ਨੂੰ ਸਪਨਾ ਚੌਧਰੀ ਦੀ ਰੈਗੂਲਰ ਜ਼ਮਾਨਤ ਦੀ ਅਰਜ਼ੀ ਵੀ ਸ਼ਰਤ ਨਾਲ ਮਨਜ਼ੂਰ ਕਰ ਲਈ ਗਈ | ਸੋਮਵਾਰ ਨੂੰ ਇਸ ਮਾਮਲੇ 'ਚ ਸਪਨਾ ਸਮੇਤ ਹੋਰ ਦੋਸ਼ੀਆਂ 'ਤੇ ਦੋਸ਼ ਆਇਦ ਕਰਨ ਦੇ ਮੁੱਦੇ 'ਤੇ ਸੁਣਵਾਈ ਹੋਈ ਪਰ ਉਹ ਪੇਸ਼ ਨਹੀਂ ਹੋਈ |
ਸਪਨਾ ਦੀ ਤਰਫ਼ੋਂ ਮਾਫ਼ੀ ਦੀ ਅਰਜ਼ੀ ਵੀ ਨਹੀਂ ਦਿੱਤੀ ਗਈ ਸੀ, ਜਦਕਿ ਦੂਜੇ ਦੋਸ਼ੀਆਂ ਦੀ ਤਰਫੋਂ ਮਾਫੀ ਦੀ ਅਰਜ਼ੀ ਦਿਤੀ ਗਈ ਸੀ | 1 ਮਈ, 2019 ਨੂੰ , ਸਪਨਾ ਚੌਧਰੀ ਵਿਰੁਧ ਇਸ ਮਾਮਲੇ 'ਚ ਵਿਸ਼ਵਾਸ ਤੋੜਨ ਅਤੇ ਕਿਸੇ ਵਿਅਕਤੀ ਨਾਲ ਧੋਖਾਧੜੀ ਕਰਨ ਦੇ ਦੋਸ਼ 'ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ | ਇਸ ਨਾਲ ਹੀ 20 ਜਨਵਰੀ 2019 ਨੂੰ ਸਮਾਗਮ ਦੇ ਆਯੋਜਕਾਂ ਜੁਨੈਦ ਅਹਿਮਦ, ਇਵਾਦ ਅਲੀ, ਅਮਿਤ ਪਾਂਡੇ ਅਤੇ ਰਤਨਾਕਰ ਉਪਾਧਿਆਏ ਵਿਰੁਧ ਚਾਰਜਸ਼ੀਟ ਦਾਇਰ ਕੀਤੀ ਗਈ ਸੀ |
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ 13 ਅਕਤੂਬਰ 2018 ਨੂੰ ਦੁਪਹਿਰ 3 ਤੋਂ 10 ਵਜੇ ਤਕ ਸਮਿ੍ਤੀ ਉਪਵਾਨ 'ਚ ਸਪਨਾ ਸਮੇਤ ਹੋਰ ਕਲਾਕਾਰਾਂ ਦਾ ਪ੍ਰੋਗਰਾਮ ਸੀ | ਪਰ ਸਪਨਾ ਚੌਧਰੀ ਰਾਤ 10 ਵਜੇ ਤਕ ਨਹੀਂ ਆਈ | ਇਸ ਨੂੰ ਲੈ ਕੇ ਲੋਕਾਂ ਨੇ ਹੰਗਾਮਾ ਕੀਤਾ | ਇਸ ਤੋਂ ਬਾਅਦ ਟਿਕਟਧਾਰਕਾਂ ਦੇ ਪੈਸੇ ਵੀ ਵਾਪਸ ਨਹੀਂ ਕੀਤੇ ਗਏ | 14 ਅਕਤੂਬਰ 2018 ਨੂੰ ਇਸ ਮਾਮਲੇ ਦੀ ਨਾਮਜ਼ਦ ਐਫ਼ਆਈਆਰ ਇੰਸਪੈਕਟਰ ਫ਼ਿਰੋਜ਼ ਖ਼ਾਨ ਨੇ ਥਾਣਾ ਆਸ਼ਿਆਣਾ ਵਿਚ ਦਰਜ ਕਰਵਾਈ ਸੀ | (ਏਜੰਸੀ)