ਲੌਂਗੋਵਾਲ ਧਰਨੇ ਨੂੰ ਲੈ ਕੇ ਪੁਲਿਸ ਅਫ਼ਸਰਾਂ ਅਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਸਰਕਾਰ ਨੇ ਮੰਨੀਆਂ ਮੰਗਾਂ
ਸਾਰੇ ਗ੍ਰਿਫ਼ਤਾਰ ਕਿਸਾਨ ਹੋਣਗੇ ਰਿਹਾਅ ਤੇ ਪਰਚੇ ਹੋਣਗੇ ਰੱਦ
ਸੰਗਰੂਰ: ਲੌਂਗੋਵਾਲ ਧਰਨੇ ਨੂੰ ਲੈ ਕੇ ਕਿਸਾਨਾਂ ਤੇ ਸਰਕਾਰ ਵਿਚਾਲੇ ਸਹਿਮਤੀ ਬਣ ਗਈ ਹੈ। ਲੌਂਗੋਵਾਲ ਵਿਚ ਕਿਸਾਨ ਦੀ ਮੌਤ ਨੂੰ ਲੈ ਕੇ ਸੰਗਰੂਰ ਦੇ ਰੈਸਟ ਹਾਊਸ ਵਿਖੇ ਪ੍ਰਸ਼ਾਸਨ ਅਤੇ ਕਿਸਾਨਾਂ ਦਰਮਿਆਨ ਮੀਟਿੰਗ ਹੋਈ। ਮੀਟਿੰਗ ਵਿੱਚ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਹਨ। ਪ੍ਰਸ਼ਾਸਨ ਵੱਲੋਂ ਭਰੋਸਾ ਦੇਣ ਉਤੇ ਕਿਸਾਨ ਜਥੇਬੰਦੀਆਂ ਨੇ ਧਰਨਾ ਸਮਾਪਤ ਕਰਨ ਦਾ ਫੈਸਲਾ ਲਿਆ।
ਕਿਸਾਨਾਂ ਨੇ ਮੰਗ ਕੀਤੀ ਕਿ ਪੂਰੇ ਪੰਜਾਬ ਵਿਚ ਜੋ 150 ਤੋਂ 200 ਕਿਸਾਨ ਹਿਰਾਸਤ ਵਿਚ ਲਏ ਗਏ ਹਨ, ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਦੇ ਪਰਿਵਾਰ ਨੂੰ 10 ਲੱਖ ਦਾ ਮੁਆਵਜ਼ਾ, ਸਾਰਾ ਕਰਜ਼ਾ ਮਾਫ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਰੱਖੀ ਸੀ।
ਲੌਂਗੋਵਾਲ ਹਿੰਸਾ ਮਾਮਲੇ ਵਿੱਚ 54 ਕਿਸਾਨਾਂ ਉਤੇ ਕੀਤਾ ਗਿਆ ਪਰਚਾ ਰੱਦ ਕੀਤਾ ਜਾਵੇ। ਲੌਂਗੋਵਾਲ ਹਿੰਸਾ ਮਾਮਲੇ ਵਿਚ ਕਿਸਾਨਾਂ ਦੇ ਟੁੱਟੇ ਟਰੈਕਟਰ ਤੇ ਬੱਸ ਜਿਨ੍ਹਾਂ ਦਾ ਨੁਕਸਾਨ ਹੋਇਆ, ਉਸ ਦੀ ਭਰਪਾਈ ਕੀਤੀ ਜਾਵੇ। ਪ੍ਰਸ਼ਾਸਨ ਨੇ ਇਹ ਸਾਰੀਆਂ ਮੰਗਾਂ ਮੰਨ ਲਈਆਂ ਹਨ। ਜਿਸ ਤੋਂ ਬਾਅਦ ਕਿਸਾਨਾਂ ਨੇ ਲੌਂਗੋਵਾਲ ਧਰਨਾ ਖਤਮ ਕਰਨ ਦਾ ਐਲਾਨ ਕੀਤਾ।