ਬਰਨਾਲਾ ਦੇ ਮਸ਼ਹੂਰ ਬਿਜਨਸਮੈਨ ਸੁਮਿਤ ਕੁਮਾਰ ਅਤੇ ਗਗਨਦੀਪ ਤੋਂ ਪੁਲਿਸ ਨੇ ਫੜੀ 5 ਕਿਲੋ ਅਫ਼ੀਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਗਨਦੀਪ ਖਿਲਾਫ ਪਹਿਲਾਂ ਦੋ ਮਾਮਲੇ ਹਨ ਦਰਜ

Police seize 5 kg opium from prominent Barnala businessmen Sumit Kumar and Gagandeep

ਬਰਨਾਲਾ : ਬਰਨਾਲਾ ਪੁਲਿਸ ਨੇ ਇੱਕ ਮਸ਼ਹੂਰ ਬਿਜਨਸਮੈਨ ਸੁਮਿਤ ਕੁਮਾਰ ਅਤੇ ਉਸ ਦੇ ਸਾਥੀ ਗਗਨਦੀਪ ਸਿੰਘ ਉਰਫ ਗਗਨ ਤੋਂ ਪੰਜ ਕਿਲੋ ਅਫੀਮ ਬਰਾਮਦ ਕੀਤੀ ਹੈ। ਜਿਨ੍ਹਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ। ਉਮੀਦ ਹੈ ਕਿ ਪੁੱਛਗਿੱਛ ਤੋਂ ਬਾਅਦ ਹੋਰ ਵੀ ਅਹਿਮ ਖੁਲਾਸੇ ਸਾਹਮਣੇ ਆਉਣਗੇ। 
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਸੁਮਿਤ ਕੁਮਾਰ ਨਿਵਾਸੀ ਬਰਨਾਲਾ ਅਤੇ ਗਗਨਦੀਪ ਸਿੰਘ ਉਰਫ ਗਗਨ ਨਿਵਾਸੀ ਕੱਟੂ ਰੋਡ ਉਪਲੀ ਦੋਨੋਂ ਜਾਣੇ ਬਾਹਰਲੀ ਸਟੇਟ ਵਿੱਚੋਂ ਅਫੀਮ ਲਿਆ ਕੇ ਆਸ ਪਾਸ ਦੇ ਪਿੰਡਾਂ ਵਿੱਚ ਵੇਚਣ ਦਾ ਧੰਦਾ ਕਰਦੇ ਹਨ। ਜਿਨ੍ਹਾਂ ਨੂੰ ਬਰਨਾਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੋਵਾਂ ਕੋਲੋਂ ਪੰਜ ਕਿਲੋ ਅਫੀਮ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਗਗਨਦੀਪ ਸਿੰਘ ਉਰਫ ਗਗਨ ਜੋ ਕਿ ਆਰ.ਐਮ.ਪੀ. ਡਾਕਟਰ ਹੈ, ਦੇ ਖਿਲਾਫ ਪਹਿਲਾਂ ਵੀ ਦੋ ਕੇਸ ਦਰਜ ਹਨ। 

ਜ਼ਿਕਰਯੋਗ ਹੈ ਕਿ ਸੁਮਿਤ ਕੁਮਾਰ ਬਰਨਾਲਾ ਦਾ ਮਸ਼ਹੂਰ ਮੋਬਾਇਲਾਂ ਦਾ ਬਿਜਨਸਮੈਨ ਹੈ ਅਤੇ ਉਸ ਨੇ ਕੁਝ ਹੀ ਸਮੇਂ ਦੌਰਾਨ ਸ਼ਹਿਰ ’ਚ ਸ਼ਾਨਦਾਰ ਕੋਠੀ ਬਣਾ ਲਈ ਹੈ। ਪੁਲਿਸ ਵੱਲੋਂ ਦੋਹਾਂ ਮੁਲਜ਼ਮਾਂ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਕਿਹਾ ਕਿ ਸੁਮਿਤ ਕੁਮਾਰ ਵੱਲੋਂ ਜੋ ਕੋਠੀ ਪਾਈ ਗਈ ਹੈ ਉਸ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜੇਕਰ ਉਹ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਹੈ ਤਾਂ ਉਸ ਨੂੰ ਵੀ ਪੁਲਿਸ ਵੱਲੋਂ ਅਟੈਚ ਕੀਤਾ ਜਾਵੇਗਾ।