ਸਮਾਰਟਫ਼ੋਨ ਬਜ਼ਾਰ ਵਿਚ ਵਾਪਸੀ ਲਈ ਤਿਆਰ ਹੈ 'ਬਲੈਕਬੇਰੀ'

ਏਜੰਸੀ

ਖ਼ਬਰਾਂ, ਪੰਜਾਬ

ਸਮਾਰਟਫ਼ੋਨ ਬਜ਼ਾਰ ਵਿਚ ਵਾਪਸੀ ਲਈ ਤਿਆਰ ਹੈ 'ਬਲੈਕਬੇਰੀ'

image

ਮੋਬਾਈਲ ਦੀ ਦੁਨੀਆਂ ਵਿਚ ਇਕ ਸਮੇਂ ਸੱਭ ਤੋਂ ਮਸ਼ਹੂਰ ਤੇ ਆਕਰਸ਼ਕ ਬਰਾਂਡ ਰਿਹਾ ਬਲੈਕਬੈਰੀ ਪਿਛਲੇ ਇਕ ਦਹਾਕੇ ਤੋਂ ਠੰਢਾ ਪੈ ਗਿਆ ਹੈ। ਕੁੱਝ ਸਾਲਾਂ ਤੋਂ ਕੰਪਨੀ ਬਜ਼ਾਰ ਵਿਚੋਂ ਲਗਭਗ ਗਾਇਬ ਹੋ ਚੁੱਕੀ ਸੀ। ਪਰ ਹੁਣ ਇਸ ਬਰਾਂਡ ਨੂੰ ਚਾਹੁਣ ਵਾਲਿਆਂ ਲਈ ਚੰਗੀ ਖ਼ਬਰ ਹੈ ਕਿ ਬਲੈਕਬੈਰੀ ਇਕ ਵਾਰ ਫਿਰ ਸਮਾਰਟਫ਼ੋਨ ਮਾਰਕੀਟ ਵਿਚ ਵਾਪਸੀ ਲਈ ਤਿਆਰ ਹੈ।
ਬਲੈਕਬੈਰੀ ਨੇ ਨਵੇਂ ਸਮਾਰਟਫ਼ੋਨ ਦੇ ਨਿਰਮਾਣ ਲਈ ਆਨਵਰਡ ਮੋਬੀਲਿਟੀ ਅਤੇ ਐਫ਼ਆਈਐਚ ਮੋਬਾਈਲ ਨਾਲ ਲਾਇਸੈਂਸਿੰਗ ਸਮਝੌਤਾ ਕੀਤਾ ਹੈ ਜਿਸ ਤਹਿਤ ਕੰਪਨੀ ਇਕ ਨਵਾਂ ਸਮਾਰਟਫ਼ੋਨ ਬਜ਼ਾਰ ਵਿਚ ਉਤਾਰੇਗੀ। ਬਲੈਕਬੈਰੀ ਨੇ 2016 ਵਿਚ ਚੀਨੀ ਕੰਪਨੀ ਟੀ.ਸੀ.ਐਲ ਨਾਲ ਲਾਇਸੈਂਸਿੰਗ ਸਮਝੌਤਾ ਕੀਤਾ ਸੀ ਪਰ ਇਸ ਸਾਲ ਦੀ ਸ਼ੁਰੂਆਤ ਵਿਚ ਦੋਵੇਂ ਵੱਖ ਹੋ ਗਏ ਸਨ। ਨਵੇਂ ਸਮਝੌਤੇ ਤਹਿਤ ਆਨਵਰਡ ਮੋਬਿਲਿਟੀ ਨਵੀਂ ਡਿਵਾਈਸ ਤਿਆਰ ਕਰੇਗੀ। ਜਦਕਿ ਐਫ਼.ਆਈ.ਐਚ ਮੋਬਾਈਲ ਇਸ ਦੀ ਡਿਜ਼ਾਇਨਿੰਗ ਅਤੇ ਨਿਰਮਾਣ 'ਤੇ ਕੰਮ ਕਰੇਗੀ। ਇਸ ਮੋਬਾਇਲ ਨਾਲ ਹੀ ਬਲੈਕਬੈਰੀ ਅਪਣੇ ਬੇਹੱਦ ਖ਼ਾਸ ਫ਼ਿਜ਼ੀਕਲ ਕੁਆਰਟੀ ਕੀਪੈਡ ਨੂੰ ਵਾਪਸ ਲਿਆਵੇਗੀ, ਜੋ ਇਕ ਸਮੇਂ ਤਕ ਕੰਪਨੀ ਦੇ ਮੋਬਾਈਲ ਫ਼ੋਨ ਦੇ ਸੱਭ ਤੋਂ ਆਕਰਸ਼ਕ ਪਹਿਲੂਆਂ ਵਿਚੋਂ ਇਕ ਹੋਇਆ ਕਰਦਾ ਸੀ। ਹਾਲਾਂਕਿ ਅਜੇ ਤਕ ਮੋਬਾਈਲ ਦੇ ਰਿਲੀਜ਼ ਨੂੰ ਲੈ ਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਇਹ 2021 ਦੇ ਪਹਿਲੇ ਹਿੱਸੇ ਵਿਚ ਜਾਰੀ ਹੋ ਜਾਵੇਗਾ। ਸ਼ੁਰੂਆਤ ਵਿਚ ਇਹ ਸਿਰਫ਼ ਉਤਰੀ ਅਮਰੀਕਾ ਤੇ ਯੂਰਪ ਵਿਚ ਉਪਲੱਭਧ ਹੋਵੇਗਾ। ਭਾਰਤ ਸਮੇਤ ਹੋਰ ਦੇਸ਼ਾਂ ਵਿਚ ਇਸ ਦੇ ਆਉਣ ਦੀ ਕੋਈ ਜਾਣਕਾਰੀ ਫ਼ਿਲਹਾਲ ਨਹੀਂ ਮਿਲੀ। ਬਲੈਕਬੈਰੀ ਨੇ ਭਰੋਸਾ ਦਿਵਾਇਆ ਕਿ ਨਵੇਂ ਫ਼ੋਨ ਵਿਚ ਵੀ ਕੰਪਨੀ ਵਲੋਂ ਪੁਰਾਣੇ ਸਮਾਰਟਫ਼ੋਨ ਦੀ ਤਰ੍ਹਾਂ ਦੀ ਸਕਿਉਰਟੀ ਫ਼ੀਚਰ ਹੋਣਗੇ।