''ਨਰਿੰਦਰ ਮੋਦੀ ਦੇਸ਼ ਵਿਰੋਧੀ'' ਦੇ ਨਾਅਰਿਆਂ ਨਾਲ ਗੂੰਜਿਆ ਹਲਕਾ ਦਾਖਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਵਿਰੋਧੀ ਬਿਲਾਂ ਖਿਲਾਫ਼ ਹਲਕਾ ਦਾਖਾ ਵਿਖੇ ਕੈਪਟਨ ਸੰਧੂ ਦੀ ਅਗਵਾਈ ‘ਚ ਰੋਸ ਮਾਰਚ 

Captain Sandeep Singh Sandhu

ਮੁੱਲਾਂਪੁਰ: ਕੇਂਦਰ ਦੀ ਭਾਜਪਾ ਸਰਕਾਰ ਵੱਲੋ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿਲਾਂ ਖਿਲਾਫ ਵਿਧਾਨ ਸਭਾ ਹਲਕਾ ਦਾਖਾ ਦੇ ਕਿਸਾਨਾਂ, ਕਾਂਗਰਸੀ ਵਰਕਰਾਂ ਵੱਲੋ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਅਗਵਾਈ ਵਿਚ ਹਲਕਾ ਦਾਖਾ ਅੰਦਰ ਵੱਡੇ ਪੱਧਰ ‘ਤੇ ਰੋਸ ਮਾਰਚ ਕੀਤਾ ਗਿਆ।

ਇਸ ਰੋਸ ਮਾਰਚ ਨੂੰ ਕੈਪਟਨ ਸੰਦੀਪ ਸੰਧੂ ਨੇ ਪੀਰ ਬਾਬਾ ਜਾਹਿਰ ਬਲੀ ਗਰਾਊਂਡ ਬੱਦੋਵਾਲ ਤੋਂ ਰਵਾਨਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਕੈਪਟਨ ਸੰਧੂ ਨੇ ਕਿਹਾ ਕਿ ਦੇਸ਼ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਿਸਾਨ ਮਾਰੂ ਬਿਲਾਂ ਨਾਲ ਇਕੱਲੇ ਕਿਸਾਨ ਹੀ ਨਹੀਂ ਬਲਕਿ ਕਿਸਾਨੀ ਨਾਲ ਸਬੰਧਤ ਸਾਰੇ ਵਰਗਾਂ ਦਾ ਲੱਕ ਟੁੱਟ ਜਾਵੇਗਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਇਹ ਕਿਸਾਨ ਵਿਰੋਧੀ ਬਿਲ ਲਿਆ ਕੇ ਦੇਸ਼ ਨੂੰ ਇਕ ਵਾਰ ਫਿਰ ਤੋਂ ਆਰਥਿਕ ਸੰਕਟ ਵੱਲ ਧਕੇਲ ਦਿੱਤਾ ਹੈ।

ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨ ਨੂੰ ਬਰਬਾਦ ਕਰਨ ਵਿਚ ਇਕੱਲੀ ਭਾਜਪਾ ਹੀ ਨਹੀ ਸਗੋਂ ਉਹਨਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਕਿਉਕਿ ਇਹ ਆਰਡੀਨੈਂਸ ਉਸੇ ਹੀ ਕੇਂਦਰੀ ਕੈਬਨਿਟ ਨੇ ਪਾਸ ਕੀਤੇ, ਜਿਸ ਦਾ ਹਿੱਸਾ ਬੀਬਾ ਹਰਸਿਮਰਤ ਕੌਰ ਬਾਦਲ ਜੀ ਰਹੇ ਹਨ। ਉਹਨਾਂ ਕਿਹਾ ਕਿ ਹਮੇਸ਼ਾਂ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਦੀ ਬਲੀ ਦੇਣ ਵਾਲੇ ਬਾਦਲ ਪਰਿਵਾਰ ਦੇ ਦੋਗਲੇਪਣ ਦੀ ਨੀਤੀ ਕਾਰਨ ਅੱਜ ਸਮੁੱਚੇ ਸੂਬੇ ਦਾ ਕਿਸਾਨ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ।

ਉਹਨਾਂ ਨੇ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ ਇਹ ਆਰਡੀਨੈਂਸ ਕੇਂਦਰੀ ਕੈਬਨਿਟ ਵਿਚ ਪਾਸ ਹੋਏ ਉਸ ਸਮੇਂ ਬੀਬੀ ਬਾਦਲ ਨੇ ਅਸਤੀਫਾ ਕਿਉ ਨਹੀ ਦਿੱਤਾ। ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਜਿਹੜੇ ਬਿੱਲ ਨੂੰ ਇਹ ਪਿਛਲੇ ਤਿੰਨ ਮਹੀਨੇ ਤੋਂ ਕਿਸਾਨ ਹਿਤੈਸ਼ੀ ਦੱਸ ਰਹੇ ਹਨ ਉਹ ਅੱਜ ਇਹਨਾਂ ਨੂੰ ਕਿਸਾਨ ਵਿਰੋਧੀ ਕਿਉਂ ਦਿੱਸਣ ਲੱਗ ਪਿਆ? ਉਹਨਾਂ ਕਿਹਾ ਮੋਦੀ ਸਰਕਾਰ ਅਤੇ ਬਾਦਲ ਪਰਿਵਾਰ ਕਿਸਾਨਾਂ ਪ੍ਰਤੀ ਮਗਰਮੱਛ ਦੇ ਹੰਝੂ ਵਹਾ ਰਹੇ ਹਨ, ਪਹਿਲਾ ਆਪ ਹੀ ਕਿਸਾਨ ਨੂੰ ਮਾਰਨ ਲਈ ਟੋਆ ਪੁੱਟਿਆ ਹੁਣ ਆਪ ਹੀ ਕਿਸਾਨ ਨੂੰ ਬਚਾਉਣ ਦਾ ਢਕਵੰਜ ਕਰ ਰਹੇ ਹਨ।

ਇਸ ਲਈ ਜਿੰਨਾਂ ਸਮਾ ਕੇਂਦਰ ਦੀ ਮੋਦੀ ਸਰਕਾਰ ਇੰਨਾਂ ਆਰਡੀਨੈਂਸਾਂ ਦਾ ਕੋਈ ਹੱਲ ਨਹੀ ਕਰਦੀ, ਓਨਾ ਸਮਾਂ ਕਿਸਾਨਾਂ ਦੇ ਹੱਕ ਵਿਚ ਸੰਘਰਸ ਚੱਲਦਾ ਰਹੇਗਾ। ਉਹਨਾਂ ਨੇ ਸੂਬੇ ਦੇ ਕਿਸਾਨਾਂ ਨੂੰ ਸੰਜਮ ਬਣਾਏ ਰੱਖਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਕੀਤੀ ਹੈ, ਉਸੇ ਤਰ੍ਹਾਂ ਹੀ ਹੁਣ ਉਹ ਕਿਸਾਨਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨਗੇ। ਇਸ ਟਰੈਕਟਰ ਰੈਲੀ ਵਿਚ ਆਏ ਕਿਸਾਨਾਂ ਦੇ ਹੜ੍ਹ ਨੇ '' ਨਰਿੰਦਰ ਮੋਦੀ ਦੇਸ਼ ਵਿਰੋਧੀ'' ਦੇ ਨਾਅਰਿਆਂ ਨਾਲ ਹਲਕਾ ਦਾਖਾ ਗੂੰਜਣ ਲਾ ਦਿੱਤਾ।

ਰੋਸ ਮਾਰਚ ਵਿਚ ਆਇਆ ਟਰੈਕਟਰਾਂ ਦਾ ਹੜ੍ਹ

ਕਿਸਾਨ ਵਿਰੋਧੀ ਬਿਲ ਖਿਲਾਫ ਰੋਸ ਮਾਰਚ ਵਿਚ ਆਏ ਕਿਸਾਨਾਂ ਵੱਲੋ ਸੈਕੜਿਆਂ ਦੀ ਗਿਣਤੀ ਲਿਆਂਦੇ ਟਰੈਕਟਰਾਂ ਨੇ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ‘ਤੇ ਟਰੈਕਟਰਾਂ ਦਾ ਹੜ੍ਹ ਲੈ ਆਂਦਾ। ਵੱਡੀ ਗਿਣਤੀ ਵਿਚ ਪਹੁੰਚੇ ਟਰੈਕਟਰ ਚਾਲਕਾਂ ਨੇ ਇਕ ਸੁਰ ਹੋ ਕੇ ਕੇਂਦਰ ਸਰਕਾਰ ਨੂੰ ਬਿੱਲ ਵਾਪਸ ਲੈਣ ਲਈ ਕਿਹਾ ਅਤੇ ਬਿੱਲ ਨਾ ਵਾਪਸ ਲੈਣ ਦੀ ਸੂਰਤ ਵਿਚ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ।