ਲਾਪਤਾ ਸਰੂਪ ਮਾਮਲੇ 'ਚ ਬਾਦਲ ਪ੍ਰਵਾਰ ਤੇ ਹੋਰਨਾਂ ਦੋਸ਼ੀਆਂ ਵਿਰੁਧ 'ਜਥੇਦਾਰ' ਸਖ਼ਤ ਕਦਮ ਚੁਕਣ: ਬਖ਼ਸ਼ੀ

ਏਜੰਸੀ

ਖ਼ਬਰਾਂ, ਪੰਜਾਬ

ਲਾਪਤਾ ਸਰੂਪ ਮਾਮਲੇ 'ਚ ਬਾਦਲ ਪ੍ਰਵਾਰ ਤੇ ਹੋਰਨਾਂ ਦੋਸ਼ੀਆਂ ਵਿਰੁਧ 'ਜਥੇਦਾਰ' ਸਖ਼ਤ ਕਦਮ ਚੁਕਣ: ਬਖ਼ਸ਼ੀ

image

ਨਵੀਂ ਦਿੱਲੀ, 22 ਸਤੰਬਰ (ਸੁਖਰਾਜ ਸਿੰਘ): ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗ਼ਾਇਬ ਹੋਣ ਪਿੱਛੇ ਜੋ ਲੋਕ ਦੋਸ਼ੀ ਹਨ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਬ੍ਰਦਰਹੁਡ ਇੰਟਰਨੈਸ਼ਨਲ ਦੇ ਕੌਮੀ ਪ੍ਰਧਾਨ ਬਖ਼ਸ਼ੀ ਪਰਮਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਜੇਕਰ ਅੱਜ ਜਿਉਂਦੇ ਹੁੰਦੇ ਤਾਂ ਸ਼ਾਇਦ ਗੁਰੂ ਸਾਹਿਬ ਦੇ ਸਰੂਪ ਗ਼ਾਇਬ ਨਹੀਂ ਹੋ ਸਕਦੇ ਸਨ ਕਿਉਂਕਿ ਕੋਈ ਵੀ ਸਰੂਪਾਂ ਦੀ ਬੇਅਦਬੀ ਕਰਨ ਦੀ ਸੋਚ ਵੀ ਨਹੀਂ ਸੀ ਸਕਦਾ ਤੇ ਕੌਮ ਦੀ ਸ਼ਾਇਦ ਇਹ ਦੁਰਦਸ਼ਾ ਵੀ ਨਾ ਹੁੰਦੀ।
ਬਖ਼ਸ਼ੀ ਪਰਮਜੀਤ ਸਿੰਘ ਨੇ ਕਿਹਾ ਕਿ ਅੱਜ ਸਿੱਖਾਂ ਦੀ ਪੱਗੜੀ ਉਤਰਦੀ ਹੈ, ਉਤਾਰਨ ਵਾਲੇ ਵੀ ਸਿੱਖ ਹਨ ਇਹ ਸਾਡੇ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਸਰਕਾਰ ਜਾਂ ਗ਼ੈਰ ਸਿੱਖ ਸਾਡੀ ਦਸਤਾਰ ਨੂੰ ਹੱਥ ਪਾਉਂਦਾ ਹੈ ਤਾਂ ਉਸ ਸਮੇਂ ਸਮੁੱਚਾ ਸਿੱਖ ਪੰਥ ਉਸ ਵਿਰੁਧ ਆਵਾਜ਼ ਉਠਾਉਂਦਾ ਹੈ ਅਤੇ ਆਵਾਜ਼ ਬੁਲੰਦ ਕਰਨੀ ਵੀ ਚਾਹੀਦੀ ਹੈ ਪਰ ਸਾਡੇ ਅਪਣੇ ਹੀ ਜਦੋਂ ਅਜਿਹਾ ਕਰਦੇ ਹਨ। ਸ. ਬਖ਼ਸ਼ੀ ਨੇ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਆਗੂ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਵਿਰੁਧ ਕਾਰਵਾਈ ਕਿਉਂ ਨਹੀਂ ਹੁੰਦੀ? ਉਨ੍ਹਾਂ ਕਿਹਾ ਕਿ ਮੇਰੇ ਪਿਤਾ ਬਖ਼ਸ਼ੀ ਜਗਦੇਵ ਸਿੰਘ ਹੁਰਾਂ ਨੇ ਇਕ ਨਾਹਰਾ ਦਿਤਾ ਸੀ 'ਜੇ ਸਿੱਖ-ਸਿੱਖ ਨੂੰ ਨਾ ਮਾਰੇ, ਤਾਂ ਕੌਮ ਕਦੇ ਨਾ ਹਾਰੇ'। ਅੱਜ ਸਾਡੀ ਕੌਮ ਦਾ ਜੋ ਹਸ਼ਰ ਹੋ ਰਿਹਾ ਹੈ ਸ਼ਾਇਦ ਇਸੇ ਲਈ ਹੀ ਹੈ ਕਿ ਅਸੀਂ ਆਪਸ ਵਿਚ ਹੀ ਲੜੀ ਜਾ ਰਹੇ ਹਾਂ।