ਰਾਜ ਸਭਾ ਦੇ ਮੁਅੱਤਲ ਸੰਸਦ ਮੈਂਬਰਾਂ ਦਾ ਧਰਨਾ ਖ਼ਤਮ

ਏਜੰਸੀ

ਖ਼ਬਰਾਂ, ਪੰਜਾਬ

ਰਾਜ ਸਭਾ ਦੇ ਮੁਅੱਤਲ ਸੰਸਦ ਮੈਂਬਰਾਂ ਦਾ ਧਰਨਾ ਖ਼ਤਮ

image

ਮਾਨਸੂਨ ਸੈਸ਼ਨ ਦਾ ਕਰਨਗੇ ਬਾਈਕਾਟ

ਨਵੀਂ ਦਿੱਲੀ, 22 ਸਤੰਬਰ : ਖੇਤੀ ਬਿਲਾਂ ਵਿਰੁਧ ਰਾਜ ਸਭਾ 'ਚ ਹੰਗਾਮੇ ਕਾਰਨ ਮੁਅੱਤਲ ਕੀਤੇ ਗਏ 8 ਸੰਸਦ ਮੈਂਬਰਾਂ ਨੇ ਅਪਣਾ ਧਰਨਾ ਪ੍ਰਦਰਸ਼ਨ ਖ਼ਤਮ ਕਰ ਦਿਤਾ ਹੈ। ਇਸ ਨਾਲ ਹੀ ਕਾਂਗਰਸ ਨੇ ਪੂਰੇ ਮਾਨਸੂਨ ਸੈਸ਼ਨ ਦੇ ਬਾਈਕਾਟ ਦਾ ਐਲਾਨ ਕੀਤਾ। ਕਾਂਗਰਸ ਦੇ ਰਾਜ ਸਭਾ ਮੈਂਬਰਾਂ ਨੇ ਰਾਜ ਸਭਾ ਦਾ ਵਾਕਆਊਟ ਕੀਤਾ ਹੈ। ਕਾਂਗਰਸ ਦੇ ਰਾਜ ਸਭਾ ਸੰਸਦ ਮੈਂਬਰ ਸਈਦ ਨਾਸਿਰ ਹੁਸੈਨ ਨੇ ਕਿਹਾ ਕਿ ਸਾਰੇ ਸੰਸਦ ਮੈਂਬਰ ਧਰਨਾ ਖ਼ਤਮ ਕਰ ਰਹੇ ਹਨ ਅਤੇ ਸੰਸਦ ਦੇ ਬਾਕੀ ਸੈਸ਼ਨ ਦਾ ਬਾਈਕਾਟ ਕਰਨਗੇ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਖੇਤੀ ਬਿਲ 'ਤੇ ਵੋਟਿੰਗ ਹੋਵੇ ਪਰ ਅਜਿਹਾ ਕੁਝ ਵੀ ਨਹੀਂ ਹੋ ਰਿਹਾ, ਕਿਉਂਕਿ ਰਾਜ ਸਭਾ ਚੇਅਰਮੈਨ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹਨ।
ਦੂਜੇ ਪਾਸੇ ਰਾਜ ਸਭਾ ਮੈਂਬਰ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜਦੋਂ ਤਕ ਸਰਕਾਰ ਸਾਡੀਆਂ ਤਿੰਨ ਮੰਗਾਂ ਨੂੰ ਮਨਜ਼ੂਰ ਨਹੀਂ ਕਰਦੀ ਅਸੀਂ ਸੰਸਦ ਸੈਸ਼ਨ ਦਾ ਬਾਈਕਾਟ ਕਰਾਂਗੇ। ਪਹਿਲੀ ਸ਼ਰਤ ਹੈ ਕਿ ਇਕ ਹੋਰ ਬਿਲ ਲਿਆਂਦਾ
ਜਾਵੇ ਜਾਂ ਫਿਰ ਪ੍ਰਧਾਨ ਮੰਤਰੀ ਅਤੇ ਖੇਤੀ ਮੰਤਰੀ ਸਦਨ 'ਚ ਬਿਆਨ ਦੇਣ ਕਿ ਘੱਟੋ-ਘੱਟ ਸਮਰਥਨ ਮੁੱਲ (ਐਮ. ਐਸ. ਪੀ.) ਤੋਂ ਘੱਟ ਖ਼ਰੀਦ ਨੂੰ ਗ਼ੈਰ ਕਾਨੂੰਨੀ ਬਣਾਇਆ ਜਾਵੇਗਾ। ਦੂਜੀ ਮੰਗ ਹੈ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਐਮ. ਐਸ. ਪੀ. ਦਾ ਸੀ2 ਫ਼ਾਰਮੂਲਾ ਲਾਗੂ ਹੋਵੇ।

ਤੀਜੀ ਸ਼ਰਤ ਇਹ ਹੈ ਕਿ ਸੂਬਿਆਂ ਦੀਆਂ ਏਜੰਸੀਆਂ ਜਾਂ ਐਫ਼. ਸੀ. ਆਈ. ਵੀ ਖ਼ਰੀਦ ਕਰੇ ਅਤੇ ਐਮ. ਐਸ. ਪੀ. ਦੇ ਹਿਸਾਬ ਨਾਲ ਹੀ ਖ਼ਰੀਦ ਹੋਵੇ। (ਏਜੰਸੀ)