ਕੋਈ ਵੀ ਹਾਸਿਲ ਕਰ ਸਕਦਾ ਹੈ ਅਪਣੀ ਮੰਜ਼ਿਲ ਬਸ ਮਨ 'ਚ ਹੋਵੇ ਦ੍ਰਿੜਤਾ: ਚਰਨਜੀਤ ਚੰਨੀ 

ਏਜੰਸੀ

ਖ਼ਬਰਾਂ, ਪੰਜਾਬ

ਜ਼ਿੰਦਗੀ ’ਚ ਅੱਗੇ ਵਧਣ ਲਈ ਹਮੇਸ਼ਾ ਮਿਹਨਤ ਕਰਦੇ ਰਹਿਣਾ ਜ਼ਰੂਰੀ ਹੈ

Charanjit Singh Channi

 

ਕਪੂਰਥਲਾ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਇੰਦਰ ਕੁਮਾਰ ਗੁਜਰਾਲ ਤਕਨੀਕੀ ਯੂਨੀਵਰਸਿਟੀ ਵਿਖੇ ਸੂਬਾ ਪੱਧਰੀ ਰੁਜ਼ਗਾਰ ਮੇਲੇ ’ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ 150 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਭਾਰਤ ਰਤਨ ਡਾ.ਬੀ.ਆਰ. ਅੰਬੇਦਕਰ ਮਿਊਜ਼ੀਅਮ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਚਾਹੇ ਕੋਈ ਵੀ ਕਿਸੇ ਵੀ ਪਰਿਵਾਰ ਦਾ ਬੰਦਾ ਹੋਵੇ, ਉਚਾਈਆਂ ਤੱਕ ਪਹੁੰਚ ਸਕਦਾ ਹੈ ਪਰ ਮਨ ’ਚ ਸੰਘਰਸ਼ ਤੇ ਦ੍ਰਿੜਤਾ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਅੱਗੇ ਵਧਣ ਲਈ ਹਮੇਸ਼ਾ ਮਿਹਨਤ ਕਰਦੇ ਰਹਿਣਾ ਜ਼ਰੂਰੀ ਹੈ। ਹਾਲਾਤ ਜਿਵੇਂ ਦੇ ਮਰਜ਼ੀ ਹੋਣ ਬੱਸ ਇਕ ਟੀਚਾ ਬਣਾ ਕੇ ਅੱਗੇ ਵਧਣ ਵੱਲ ਧਿਆਨ ਰੱਖਣਾ ਚਾਹੀਦਾ ਹੈ ਅਤੇ ਅੱਗੇ ਵੱਧਣ ਲਈ ਹੌਂਸਲਾ ਰੱਖਣਾ ਪੈਂਦਾ ਹੈ।  ਉਨ੍ਹਾਂ ਕਿਹਾ ਕਿ ਜਦੋਂ ਇਸ ਦੌਰਾਨ ਚਰਨਜੀਤ ਚੰਨੀ ਨੇ ਵਿਦਿਆਰਥੀਆਂ ਨੂੰ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਮੇਰੇ ਪਿਤਾ ਅਤੇ ਦਾਦਾ ਜੀ ਸਿਆਸਤ ’ਚ ਨਹੀਂ ਸਨ ਤੇ ਜੇਕਰ ਮੇਰੇ ਵਰਗਾ ਬੰਦਾ ਮੁੱਖ ਮੰਤਰੀ ਬਣ ਸਕਦਾ ਹੈ ਤਾਂ ਤੁਸੀਂ ਵੀ ਅੱਗੇ ਵੱਧ ਸਕਦੇ ਹੋ।

Charanjit Singh Channi

ਉਨ੍ਹਾਂ ਨੇ ਕਿਹਾ ਕਿ ਮੈਂ ਜਦੋਂ ਪੜ੍ਹਦਾ ਸੀ ਤੇ ਮੈਂ ਉਦੋਂ ਵੀ ਆਪਣੇ ਪਿਤਾ ਨਾਲ ਕੰਮ ਕਰਵਾ ਕੇ ਸਕੂਲ ਕਾਲਜ ਜਾਂਦਾ ਹੁੰਦਾ ਸੀ। ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਤੋਂ ਹੈਂਡ ਬਾਲ ਦਾ ਤਿੰਨ ਵਾਰ ਗੋਲਡ ਮੈਡਲ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਮੈਂ ਜੋ ਕੁੱਝ ਵੀ ਬੋਲਦਾ ਹਾਂ ਦਿਲੋਂ ਬੋਲਦਾ ਹਾਂ ਤੇ ਦਿਲ ਮੇਰਾ ਇਹ ਕਹਿੰਦਾ ਹੈ ਕਿ ਪੰਜਾਬ ਨੂੰ ਮੈਂ ਅੱਗੇ ਵਧਾਵਾਂ ਉਚਾਈਆਂ ਤੱਕ ਲੈ ਕੇ ਜਾਵਾਂ। ਉਨ੍ਹਾਂ ਕਿਹਾ ਕਿ ਜੇਕਰ ਮੈਂ ਮੁੱਖ ਮੰਤਰੀ ਬਣ ਸਕਦਾ ਹਾਂ ਤੇ ਤੁਸੀਂ ਕਿਉਂ ਨਹੀਂ ਬਣ ਸਕਦੇ। ਉਹਨਾਂ ਕਿਹਾ ਕਿ ਡਾ.ਭੀਮ ਰਾਓ ਅੰਬੇਡਕਰ ਇੰਸਟੀਚਿਊਟ ਬਣੇਗਾ ਤਾਂ ਕਿ ਇੱਥੇ ਗਰੀਬ ਬੱਚੇ ਪੜ੍ਹਨ ਤੇ ਅੱਗੇ ਵਧਣ ਅਤੇ ਅਸੀਂ ਚਮਕੌਰ ਸਾਹਿਬ ’ਚ ਸਕਿਲ ਯੂਨੀਵਰਿਸਟੀ ਬਣਾ ਰਹੇ ਹਾਂ।

ਇਸ ਦੇ ਨਾਲ ਹੀ ਦੱਸ ਦਈਏ ਕਿ ਮੁੱਖ ਮੰਤਰੀ ਬਣਨ ’ਤੇ ਚਰਨਜੀਤ ਸਿੰਘ ਚੰਨੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਹਾਈ ਸਕਿਊਰਟੀ ਦੇ ਨਾਲ-ਨਾਲ ਗੰਨਮੈਨ ਵੀ ਦਿੱਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਦੀ ਸੁਰੱਖਿਆ ਲਈ ਵੱਡੀ ਗਿਣਤੀ ’ਚ ਫੋਸਰ ਦੀਆਂ ਗੱਡੀਆਂ ਵੀ ਦਿੱਤੀਆਂ ਹਗਈਆਂ ਹਨ। ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨੀ ਸੁਰੱਖਿਆ ਨਾਲ ਉਨ੍ਹਾਂ ਦਾ ਕੰਮ ਚੱਲ ਸਕਦਾ ਹੈ, ਉਹ ਉਨੀ ਹੀ ਸੁਰੱਖਿਆ ਲੈਣਗੇ। ਚੰਨੀ ਨੇ ਕਿਹਾ ਕਿ ਜਿਸ ਦਿਨ ਉਹ ਮੁੱਖ ਮੰਤਰੀ ਬਣੇ, ਉਨ੍ਹਾਂ ਨੂੰ ਲੱਗਾ ਕਿ ਉਹ ਫਸ ਗਏ ਹਨ।

ਮੁੱਖ ਮੰਤਰੀ ਬਣਨ ’ਤੇ ਉਨ੍ਹਾਂ ਦੇ ਅੱਗੇ ਅਤੇ ਪਿੱਛੇ ਬਹੁਤ ਸਾਰੇ ਲੋਕ ਹਨ। ਮੇਰੀ ਸੁਰੱਖਿਆ ਲਈ ਬਹੁਤ ਸਾਰੀਆਂ ਗੱਡੀਆਂ, ਗੰਨਮੈਨਾਂ ਦਾ ਇੰਤਜ਼ਾਮ ਕੀਤਾ ਗਿਆ, ਜਿਨ੍ਹਾਂ ਨੂੰ ਵੇਖ ਕੇ ਮੈਂ ਉਨ੍ਹਾਂ ਨੂੰ ਹਟਾਉਣ ਲਈ ਕਿਹਾ।  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੂੰ ਵੱਡੇ ਪੱਧਰ 'ਤੇ ਸੁਰੱਖਿਆ ਬਲਾਂ ਦੀ ਕੋਈ ਲੋੜ ਨਹੀਂ ਹੈ ਸਗੋਂ ਲੋਕਾਂ ਦੇ ਸਾਥ ਦੀ ਲੋੜ ਹੈ ਤਾਂ ਜੋ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਖ਼ਤਮ ਕੀਤਾ ਜਾ ਸਕੇ। ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਲਈ 10 ਸੁਰੱਖਿਆ ਗਾਰਡ ਬਹੁਤ ਹਨ ਕਿਉਂਕਿ ਉਨ੍ਹਾਂ ਨੂੰ ਕਿਸੇ ਕੋਲੋਂ ਕੋਈ ਖ਼ਤਰਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਨੇ ਕਿਉਂ ਮਾਰਨਾ ਹੈ ਤੇ ਮੈਨੂੰ ਮਾਰ ਕੇ ਕਿਸੇ ਨੂੰ ਕੀ ਮਿਲੇਗਾ? ਚੰਨੀ ਨੇ ਕਿਹਾ ਕਿ ਮੈਂ ਆਪਣੇ ਸੈਕਟਰੀ ਨੂੰ ਕਿਹਾ ਕਿ ਸੁਰੱਖਿਆ ਘੱਟ ਕਰਨ ਦੇ ਬਾਰੇ ਕੀ ਗੱਲ ਹੋਈ ?.. ਤਾਂ ਉਹ ਮੈਨੂੰ ਕਹਿੰਦੇ ਅਸੀਂ ਸੁਰੱਖਿਆਂ ਘੱਟ ਨਹੀਂ ਕਰ ਸਕਦੇ, ਕਿਉਂਕਿ ਜੇਕਰ ਕੁਝ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ? ਇਸ ਦਾ ਜਵਾਬ ਦਿੰਦੇ ਹੋਏ ਚੰਨੀ ਨੇ ਕਿਹਾ ਕਿ ਜੇਕਰ ਮੈਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਮੈਂ ਜ਼ਿੰਮੇਵਾਰ ਹਾਂ, ਤੁਸੀਂ ਸੁਰੱਖਿਆ ਕਰਮਚਾਰੀਆਂ ਨੂੰ ਹਟਾ ਦਿਓ। 

ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ ਲਈ ਇਕ ਹਜ਼ਾਰ ਬੰਦਾ ਤੈਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੈਨੂੰ 200 ਗੱਡੀਆਂ ਵੀ ਦਿੱਤੀਆਂ ਗਈਆਂ ਹਨ, ਜੋ ਹਰ ਸਮੇਂ ਮੇਰੇ ਨਾਲ ਰਹਿਣਗੀਆਂ। ਚੰਨੀ ਨੇ ਕਿਹਾ ਕਿ ਇੰਨੀਆਂ ਮਹਿੰਗੀਆਂ ਗੱਡੀਆਂ ਦੀ ਕੋਈ ਜ਼ਰੂਰਤ ਨਹੀਂ। ਇਨ੍ਹਾਂ ਨੂੰ ਲੈਣ ਦੀ ਥਾਂ ਇਹ ਸਾਰਾ ਪੈਸਾ ਗਰੀਬਾਂ ਨੂੰ ਦੇ ਦਿੰਦੇ। ਚੰਨੀ ਨੇ ਕਿਹਾ ਕਿ ਮੈਨੂੰ ਲੋਕਾਂ ਦਾ ਸਾਥ ਚਾਹੀਦਾ ਹੈ, ਸੁਰੱਖਿਆ ਲਈ ਗੰਨਮੈਨ ਨਹੀਂ।