ਕੈਪਟਨ ਅਮਰਿੰਦਰ ਸਿੰਘ ਨੇ ਦਿਖਾਏ ਬਾਗ਼ੀ ਤੇਵਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਅਮਰਿੰਦਰ ਸਿੰਘ ਨੇ ਦਿਖਾਏ ਬਾਗ਼ੀ ਤੇਵਰ

image

ਕਿਹਾ, ਸਿੱਧੂ ਨੂੰ  ਮੁੱਖ ਮੰਤਰੀ ਚਿਹਰਾ ਬਣਾਇਆ ਤਾਂ ਉਸ ਵਿਰੁਧ ਮਜ਼ਬੂਤ ਉਮੀਦਵਾਰ ਉਤਾਰਾਂਗਾ


ਚੰਡੀਗੜ੍ਹ, 22 ਸਤੰਬਰ (ਗੁਰਉਪਦੇਸ਼ ਭੁੱਲਰ): ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਬਾਅਦ ਅੱਜ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਬਾਗ਼ੀ ਹੋਣ ਦੇ ਸੰਕੇਤ ਦਿਤੇ ਹਨ | ਇਸ ਦੀ ਸ਼ੁਰੂਆਤ ਤਾਂ ਬੀਤੀ ਸ਼ਾਮ ਕੈਪਟਨ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦਿੱਲੀ ਪ੍ਰਾਈਵੇਟ ਜਹਾਜ਼ ਲੈ ਕੇ ਜਾਣ 'ਤੇ ਟਵੀਟ ਰਾਹੀਂ ਕੀਤੀਆਂ ਤਿਖੀਆਂ ਟਿਪਣੀਆਂ ਨਾਲ ਹੀ ਹੋ ਗਈ ਸੀ | ਅੱਜ ਖ਼ੁਦ ਕੈਪਟਨ ਅਮਰਿੰਦਰ ਸਿੰਘ ਵਲੋਂ 7 ਟਵੀਟ ਕਰ ਕੇ ਅਪਣੇ ਗੁੱਸੇ ਦਾ ਖੁਲ੍ਹ ਕੇ ਪ੍ਰਗਟਾਵਾ ਕਰਦਿਆਂ ਸਿਰਫ਼ ਨਵਜੋਤ ਸਿੱਧੂ ਨੂੰ  ਹੀ ਨਿਸ਼ਾਨਾ ਨਹੀਂ ਬਣਾਇਆ ਬਲਕਿ ਰਾਹੁਲ ਗਾਂਧੀ ਤੇ ਪਿ੍ਯੰਕਾ ਗਾਂਧੀ ਨੂੰ  ਵੀ ਅਨੁਭਵਹੀਣ ਤਕ ਕਹਿ ਦਿਤਾ ਗਿਆ ਹੈ |
ਕੈਪਟਨ ਨੇ ਕਿਹਾ ਕਿ ਜੇ ਕਾਂਗਰਸ ਨੇ ਸਿੱਧੂ ਮੁੱਖ ਮੰਤਰੀ ਦਾ ਚੇਹਰਾ ਬਣਾਇਆ ਤਾਂ ਉਸ ਨੂੰ  ਹਰਾਉਣ ਲਈ ਮਜ਼ਬੂਤ ਉਮੀਦਵਾਰ ਮੈਦਾਨ ਵਿਚ ਉਤਾਰਾਂਗਾ | ਉਸ ਨੂੰ  ਮੁੱਖ ਮੰਤਰੀ ਕਿਸੇ ਹਾਲਤ ਵਿਚ ਨਹੀਂ ਬਣਨ ਦੇਵਾਂਗਾ | ਕੈਪਟਨ ਨੇ ਇਹ ਵੀ ਕਿਹਾ ਕਿ ਜੇ ਸਿੱਧੂ ਮੁੱਖ ਮੰਤਰੀ ਚਿਹਰਾ ਹੋਇਆ ਤਾਂ ਕਾਂਗਰਸ ਦੋ ਦਾ ਅੰਕੜਾ ਵੀ ਪਾਰ ਨਹੀਂ 
ਕਰ ਸਕੇਗੀ | ਉਨ੍ਹਾਂ ਇਕ ਹੋਰ ਟਵੀਟ ਵਿਚ ਕਿਹਾ ਕਿ ਜੇ ਸਿੱਧੂ ਨੇ ਸੁਪਰ ਸੀ.ਐਮ. ਵਾਂਗ ਕੰਮ ਕੀਤਾ ਤਾਂ ਉਸ ਦੀ ਅਗਵਾਈ ਵਿਚ ਕਾਂਗਰਸ ਦਾ ਕੰਮ ਨਹੀਂ ਚਲ ਸਕਦਾ | ਉਨ੍ਹਾਂ ਸਿੱਧੂ 'ਡਰਾਮਾਮਾਸਟਰ' ਦਸਦਿਆਂ ਕਿਹਾ ਕਿ ਇਸ ਦੀ ਅਗਵਾਈ ਵਿਚ ਕਾਂਗਰਸ ਨੂੰ  ਵੱਡਾ ਨੁਕਸਾਨ ਉਠਾਉਣਾ ਪਵੇਗਾ | ਸਿੱਧੂ ਵਲੋਂ ਬਾਦਲਾਂ ਵਿਰੁਧ ਕਾਰਵਾਈ ਨਾ ਕਰਨ ਦੇ ਲਾਏ ਜਾਂਦੇ ਦੋਸ਼ਾਂ ਦਾ ਵੀ ਜਵਾਬ ਦਿੰਦਿਆਂ ਚੁਨੌਤੀ ਭਰੇ ਲਹਿਜੇ ਵਿਚ ਕੈਪਟਨ ਨੇ ਕਿਹਾ ਕਿ ਹੁਣ ਤਾਂ ਸੱਤਾ ਇਨ੍ਹਾਂ ਕੋਲ ਹੈ ਅਤੇ ਹੁਣ ਬਾਦਲਾਂ ਵਿਰੁਧ ਕਾਰਵਾਈ ਕਰ ਕੇ ਉਨ੍ਹਾਂ ਨੂੰ  ਸਲਾਖਾਂ ਪਿਛੇ ਕਰ ਕੇ ਦਿਖਾਉਣ | 
ਕੈਪਟਨ ਨੇ ਕਿਹਾ,''ਮੈਂ ਜਿੱਤ ਤੋਂ ਬਾਅਦ ਸਿਆਸਤ ਛੱਡਣ ਲਈ ਤਿਆਰ ਹਾਂ ਪਰ ਹਾਰ ਕੇ ਨਹੀਂ |'' ਉਨ੍ਹਾਂ ਨਾਜਾਇਜ਼ ਮਾਈਨਿੰਗ ਲਈ ਕਾਂਗਰਸ ਆਗੂਆਂ ਵਿਰੁਧ ਕਾਰਵਾਈ ਨਾ ਹੋਣ ਦੇ ਦੋਸ਼ਾਂ ਬਾਰੇ ਵੀ ਕਿਹਾ ਕਿ ਹੁਣ ਉਹੀ ਮੰਤਰੀ ਤੇ ਵਿਧਾਇਕ ਸਿੱਧੂ ਨਾਲ ਹਨ ਜ ਨਾਜਾਇਜ਼ ਮਾਈਨਿੰਗ ਦੇ ਕੰਮਾਂ ਵਿਚ ਸ਼ਾਮਲ ਹਨ | ਸਾਬਕਾ ਮੁੱਖ ਮੰਤਰੀ ਨੇ ਨਵੇਂ ਮੰਤਰੀਆਂ ਦੀ ਚੋਣ ਬਾਰੇ ਵੀ ਕਿਹਾ ਕਿ ਇਹ ਮੁੱਖ ਮੰਤਰੀ ਦਾ ਅਧਿਕਾਰ ਹੁੰਦਾ ਹੈ ਪਰ ਮੈਂ ਜਾਤਾਂ ਦੇ ਆਧਾਰ 'ਤੇ ਮੰਤਰੀ ਨਹੀਂ ਸਨ ਬਣਾਏ ਬਲਕਿ ਯੋਗਤਾ ਤੇ ਮੈਰਿਟ ਆਧਾਰ 'ਤੇ ਬਣਾਏ ਸਨ | ਰਾਹੁਲ ਤੇ ਪਿ੍ਯੰਕਾ ਗਾਂਧੀ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਉਹ ਮੇਰੇ ਬੱਚਿਆਂ ਵਾਂਗ ਹਨ ਪਰ ਉਨ੍ਹਾਂ ਨੂੰ  ਹਾਲੇ ਅਨੁਭਵ ਨਹੀਂ ਹੈ | ਸਲਾਹਕਾਰ ਹੀ ਉਨ੍ਹਾਂ ਨੂੰ  ਗੁਮਰਾਹ ਕਰ ਰਹੇ ਹਨ |'' ਉਨ੍ਹਾਂ ਇਹ ਵੀ ਦਸਿਆ,''ਮੈਂ ਅਸਤੀਫ਼ਾ ਦੇਣ ਬਾਰੇ ਤਿੰਨ ਹਫ਼ਤੇ ਪਹਿਲਾਂ ਹੀ ਸੋਨੀਆ ਗਾਂਧੀ ਨੂੰ  ਦਸ ਦਿਤਾ ਸੀ |''
ਇਹ ਦਰਸਾਉਂਦੇ ਹੋਏ ਕਿ ਉਹ ਅਜੇ ਵੀ ਅਪਣੇ ਰਾਜਨੀਤਕ ਵਿਕਲਪ ਖੁਲ੍ਹੇ ਰੱਖ ਰਹੇ ਹਨ, ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਪਣੀ ਭਵਿੱਖ ਦੀ ਰਣਨੀਤੀ ਤੈਅ ਕਰਨ ਤੋਂ ਪਹਿਲਾਂ ਅਪਣੇ ਦੋਸਤਾਂ ਨਾਲ ਗੱਲ ਕਰ ਰਹੇ ਸਨ | Tਤੁਸੀਂ 40 ਸਾਲ ਦੀ ਉਮਰ ਵਿਚ ਬੁੱਢੇ ਹੋ ਸਕਦੇ ਹੋ ਅਤੇ 80 ਸਾਲ ਦੀ ਉਮਰ ਵਿਚ ਜਵਾਨ ਹੋ ਸਕਦੇ ਹੋ |'' ਉਨ੍ਹਾਂ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਪਣੀ ਉਮਰ ਨੂੰ  ਕਦੇ ਵੀ ਰੁਕਾਵਟ ਵਜੋਂ ਨਹੀਂ ਵੇਖਿਆ |
ਅਸਮਰੱਥਤਾ ਦੇ ਦੋਸ਼ਾਂ ਬਾਰੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸੱਤ ਵਾਰ ਵਿਧਾਨ ਸਭਾ ਅਤੇ ਦੋ ਵਾਰ ਸੰਸਦ ਲਈ ਚੁਣੇ ਗਏ ਹਨ | ਉਨ੍ਹਾਂ ਨੇ ਟਿਪਣੀ ਕਰਦਿਆਂ ਕਿਹਾ,Tਮੇਰੇ ਨਾਲ ਕੁੱਝ ਸਹੀ ਹੋਣਾ ਚਾਹੀਦਾ ਹੈ |'' ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਸਪੱਸ਼ਟ ਤੌਰ 'ਤੇ (ਪੰਜਾਬ ਵਿੱਚ) ਤਬਦੀਲੀ ਕਰਨ ਦਾ ਫ਼ੈਸਲਾ ਲਿਆ ਸੀ ਅਤੇ ਉਹ ਸਿਰਫ਼ ਇਕ ਕੇਸ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ | ਹੁਣ ਜਿਸ ਤਰੀਕੇ ਨਾਲ ਪੰਜਾਬ ਨੂੰ  ਦਿੱਲੀ ਤੋਂ ਚਲਾਇਆ ਜਾ ਰਿਹਾ ਹੈ, ਉਸ ਦਾ ਮਜ਼ਾਕ ਉਡਾਉਂਦੇ ਹੋਏ, ਕੈਪਟਨ ਅਮਰਿੰਦਰ ਨੇ ਚੀਜ਼ਾਂ ਦੇ ਵਾਪਰਨ ਦੇ ਢੰਗ 'ਤੇ ਹੈਰਾਨੀ ਪ੍ਰਗਟ ਕੀਤੀ | ਇਸ ਗੱਲ ਵਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਵਜੋਂ, ਯੋਗਤਾ ਦੇ ਹਿਸਾਬ ਨਾਲ ਅਪਣੇ ਮੰਤਰੀਆਂ ਨੂੰ  ਨਿਯੁਕਤ ਕੀਤਾ ਸੀ, ਕਿਉਂਕਿ ਉਹ ਉਨ੍ਹਾਂ ਵਿਚੋਂ ਹਰ ਇਕ ਦੀ ਯੋਗਤਾ ਨੂੰ  ਜਾਣਦੇ ਸੀ, ਉਸ ਨੇ ਸਵਾਲ ਕੀਤਾ ਕਿ ਵੇਣੂਗੋਪਾਲ ਜਾਂ ਅਜੇ ਮਾਖਨ ਜਾਂ ਰਣਦੀਪ ਸੁਰਜੇਵਾਲਾ ਵਰਗੇ ਕਾਂਗਰਸੀ ਨੇਤਾ ਕਿਵੇਂ ਫ਼ੈਸਲਾ ਕਰ ਸਕਦੇ ਹਨ ਕਿ ਕਿਸ ਮੰਤਰਾਲੇ ਲਈ ਕਿਹੜਾ ਮੰਤਰੀ ਚੰਗਾ ਹੈ? ਸਾਡਾ ਧਰਮ ਸਾਨੂੰ ਸਿਖਾਉਂਦਾ ਹੈ ਕਿ ਸਾਰੇ ਬਰਾਬਰ ਹਨ | ਮੈਂ ਲੋਕਾਂ ਨੂੰ  ਉਨ੍ਹਾਂ ਦੀ ਜਾਤੀ ਦੇ ਆਧਾਰ 'ਤੇ ਨਹੀਂ ਦੇਖਦਾ, ਇਹ ਉਨ੍ਹਾਂ ਦੀ ਕੁਸ਼ਲਤਾ ਬਾਰੇ ਹੈ | 
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮਾਮਲਿਆਂ ਵਿਚ ਦਖ਼ਲ ਦੇਣ 'ਤੇ ਚੁਟਕੀ ਲੈਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੀਪੀਸੀਸੀ ਨੂੰ  ਸਿਰਫ਼ ਤੇ ਸਿਰਫ਼ ਪਾਰਟੀ ਦੇ ਮਾਮਲਿਆਂ 'ਤੇ ਬੋਲਣਾ ਚਾਹੀਦਾ ਹੈ | ਮੈਂ ਸਿਰਫ਼ ਉਸ ਦੀ ਸਲਾਹ ਲੈਂਦਾ ਸੀ ਪਰ ਸਰਕਾਰ ਕਿੱਦਾਂ ਚਲਾਉਣੀ ਹੈ ਇਹ ਮੈਂ ਖ਼ੁਦ ਦੇਖਦਾ ਸੀ ਪਰ ਹੁਣ ਸਿੱਧੂ, ਚੰਨੀ ਦੇ ਆਲੇ-ਦੁਆਲੇ ਦਿਖਾਈ ਦਿੰਦੇ ਹਨ ਜਿਵੇਂ ਚੰਨੀ ਉਨ੍ਹਾਂ ਦੀ ਕਠਪੁਤਲੀ ਹੋਣ | ਜਿਹੜਾ ਸਿੱਧੂ ਅਪਣਾ ਮੰਤਰਾਲਾ ਨਹੀਂ ਸਾਂਭ ਸਕਿਆ ਉਹ ਹੁਣ ਕੈਬਨਿਟ ਚਲਾ ਰਿਹਾ ਹੈ | ਜੇਕਰ ਸਿੱਧੂ ਇਸੇ ਤਰ੍ਹਾਂ ਕੋਝੀਆਂ ਹਰਕਤਾਂ ਕਰਦਾ ਰਿਹਾ ਤਾਂ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ 9 ਤੋਂ ਉਪਰ ਸੀਟਾਂ ਨਹੀਂ ਜਿੱਤ ਸਕੇਗੀ |