ਹਜ਼ਾਰੀਬਾਗ ਘਟਨਾ 'ਤੇ RBI ਦੀ ਕਾਰਵਾਈ, ਮਹਿੰਦਰਾ ਫਾਈਨਾਂਸ ਦੇ ਆਊਟਸੋਰਸਡ ਰਿਕਵਰੀ ਏਜੰਟ ਨੂੰ ਨੌਕਰੀ 'ਤੇ ਰੱਖਣ 'ਤੇ ਪਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਾਈਨਾਂਸ ਕੰਪਨੀ ਨੇ ਗਰਭਵਤੀ ਔਰਤ ਨੂੰ ਟਰੈਕਟਰ ਨਾਲ ਕੁਚਲਿਆ ਸੀ

photo

 

ਹਜ਼ਾਰੀਬਾਗ : RBI ਨੇ ਮਹਿੰਦਰਾ ਐਂਡ ਮਹਿੰਦਰਾ ਫਾਈਨੈਂਸ਼ੀਅਲ ਸਰਵਿਸਿਜ਼ ਲਿਮਟਿਡ ਨੂੰ ਆਊਟਸੋਰਸਿੰਗ ਰਿਕਵਰੀ ਏਜੰਟਾਂ ਨੂੰ ਭਰਤੀ ਕਰਨ ਤੋਂ ਰੋਕ ਦਿੱਤਾ ਹੈ। ਝਾਰਖੰਡ ਦੇ ਹਜ਼ਾਰੀਬਾਗ ਵਿੱਚ ਇੱਕ ਗਰਭਵਤੀ ਔਰਤ ਨੂੰ ਟਰੈਕਟਰ ਦੇ ਕਰਜ਼ੇ ਦੇ ਬਕਾਏ ਦੀ ਵਸੂਲੀ ਲਈ ਕੰਪਨੀ ਦੇ ਇੱਕ ਏਜੰਟ ਨੇ ਕਥਿਤ ਤੌਰ 'ਤੇ ਇੱਕ ਟਰੈਕਟਰ ਨਾਲ ਕੁਚਲ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਰਿਜ਼ਰਵ ਬੈਂਕ ਨੇ ਕੰਪਨੀ ਨੂੰ ਇਹ ਸਖ਼ਤ ਨਿਰਦੇਸ਼ ਜਾਰੀ ਕੀਤਾ ਹੈ।

ਹਜ਼ਾਰੀਬਾਗ ਪੁਲਿਸ ਅਨੁਸਾਰ ਫਾਈਨਾਂਸ ਕੰਪਨੀ ਦੇ ਅਧਿਕਾਰੀਆਂ ਨੇ ਪੀੜਤ ਦੇ ਘਰ ਵਸੂਲੀ ਲਈ ਜਾਣ ਤੋਂ ਪਹਿਲਾਂ ਸਥਾਨਕ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਪੁਲਿਸ ਨੇ ਮਹਿੰਦਰਾ ਫਾਈਨਾਂਸ ਕੰਪਨੀ ਦੇ 4 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਘਟਨਾ ਤੋਂ ਗੁੱਸੇ 'ਚ ਆਏ ਲੋਕਾਂ ਨੇ ਫਾਈਨਾਂਸ ਕੰਪਨੀ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ।

ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 100 ਕਿਲੋਮੀਟਰ ਦੂਰ ਸਿਜੁਆ ਪਿੰਡ ਦੇ ਵਸਨੀਕ ਮਿਥਿਲੇਸ਼ ਪ੍ਰਸਾਦ ਮਹਿਤਾ,ਅਪਾਹਜ ਕਿਸਾਨ ਨੇ 2018 ਵਿੱਚ ਮਹਿੰਦਰਾ ਫਾਈਨਾਂਸ ਤੋਂ ਟਰੈਕਟਰ ਲਿਆ ਸੀ। ਉਹ ਕਰੀਬ ਸਾਢੇ ਪੰਜ ਲੱਖ ਰੁਪਏ ਦੇ ਟਰੈਕਟਰਾਂ ਦੀਆਂ ਕਿਸ਼ਤਾਂ ਲਗਾਤਾਰ ਅਦਾ ਕਰ ਰਿਹਾ ਸੀ। 1 ਲੱਖ 20 ਹਜ਼ਾਰ ਰੁਪਏ ਦੀਆਂ ਸਿਰਫ਼ 6 ਕਿਸ਼ਤਾਂ ਬਾਕੀ ਸਨ। ਪੈਸਿਆਂ ਦੀ ਘਾਟ ਕਾਰਨ ਉਨ੍ਹਾਂ ਨੂੰ ਇਹ ਕਿਸ਼ਤਾਂ ਦੇਣ ਵਿੱਚ ਦੇਰੀ ਹੋਈ। ਫਾਈਨਾਂਸ ਕੰਪਨੀ ਨੇ ਦੱਸਿਆ ਕਿ ਕਰਜ਼ਾ ਵਧ ਕੇ 1 ਲੱਖ 30 ਹਜ਼ਾਰ ਹੋ ਗਿਆ ਹੈ।

ਮਿਥਿਲੇਸ਼ ਪ੍ਰਸਾਦ ਮਹਿਤਾ ਨੇ ਦੋਸ਼ ਲਾਇਆ ਕਿ ਫਾਈਨਾਂਸ ਕੰਪਨੀ ਦੇ ਕਰਮਚਾਰੀ ਬਕਾਏ ਤੋਂ ਇਲਾਵਾ 12,000 ਰੁਪਏ ਦੀ ਹੋਰ ਮੰਗ ਕਰ ਰਹੇ ਸਨ। ਇਹ ਰਕਮ ਨਾ ਦੇਣ 'ਤੇ ਉਨ੍ਹਾਂ ਨੇ ਜ਼ਬਰਦਸਤੀ ਟਰੈਕਟਰ ਖੋਹਣਾ ਸ਼ੁਰੂ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਇਚਕ ਥਾਣਾ ਖੇਤਰ ਦੇ ਪਿੰਡ ਬਰੀਠ ਨੇੜੇ ਟਰੈਕਟਰ ਅੱਗੇ ਖੜ੍ਹੇ ਹੋ ਕੇ 1.20 ਲੱਖ ਰੁਪਏ ਦੀ ਕਰਜ਼ਾ ਰਾਸ਼ੀ ਦੇਣ ਦੀ ਗੱਲ ਕੀਤੀ ਪਰ ਮੁਲਾਜ਼ਮ 12 ਹਜ਼ਾਰ ਰੁਪਏ ਹੋਰ ਦੇਣ 'ਤੇ ਅੜੇ ਰਹੇ।

ਇਨਕਾਰ ਕਰਨ 'ਤੇ ਫਾਈਨਾਂਸ ਕੰਪਨੀ ਦੇ ਕਰਮਚਾਰੀ ਟਰੈਕਟਰ 'ਤੇ ਚੜ੍ਹ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਕਿ ਅੱਗੇ ਤੋਂ ਹਟ ਜਾਓ ਨਹੀਂ ਤਾਂ ਉਹ ਟਰੈਕਟਰ ਚੜ੍ਹਾ ਦੇਣਗੇ। ਜਦੋਂ ਪਰਿਵਾਰਕ ਮੈਂਬਰਾਂ ਨਹੀਂ ਹਟੇ ਤਾਂ ਰਿਕਵਰੀ ਏਜੰਟ ਨੇ ਡਰਾਈਵਰ ਨੂੰ ਟਰੈਕਟਰ ਚਲਾਉਣ ਦਾ ਹੁਕਮ ਦਿੱਤਾ। ਡਰਾਈਵਰ ਨੇ ਕਿਸਾਨ ਦੀ ਗਰਭਵਤੀ ਧੀ ਨੂੰ ਟਰੈਕਟਰ ਨਾਲ ਕੁਚਲ ਦਿੱਤਾ। ਇਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਟਰੈਕਟਰ ਲੈ ਕੇ ਫ਼ਰਾਰ ਹੋ ਗਏ।