Punjab News : AAP ਸਰਕਾਰ ਨੂੰ ਡੱਬਿਆਂ ਦੀ ਬਜ਼ਾਏ ਇੰਜਣ (ਮੁੱਖ ਮੰਤਰੀ ਭਗਵੰਤ ਮਾਨ) ਨੂੰ ਬਦਲਣ ਦੀ ਲੋੜ ਹੈ : ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - CM ਮਾਨ ਦੀ ਅਗਵਾਈ 'ਚ 'ਆਪ' ਦੀ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਦੇ ਵਿਕਾਸ ਦੀ ਚਾਲ ਪਟੜੀ ਤੋਂ ਉਤਰ ਗਈ

Partap Singh Bajwa

Punjab News : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੀ ਕੈਬਨਿਟ ਵਿੱਚ ਫ਼ੇਰਬਦਲ ਕਰਨ ਤੋਂ ਬਾਅਦ, ਵਿਰੋਧੀ ਧਿਰ ਦੇ ਨੇਤਾ (LOP) ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੱਬਿਆਂ ਦੀ ਬਜ਼ਾਏ ਰੇਲ ਗੱਡੀ ਦੇ ਇੰਜਣ (ਮੁੱਖ ਮੰਤਰੀ ਭਗਵੰਤ ਮਾਨ) ਨੂੰ ਬਦਲਣ ਦੀ ਲੋੜ ਹੈ।

ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ (ਆਪ) ਦੇ ਸ਼ਾਸਨ ਦੌਰਾਨ ਪੰਜਾਬ ਵਿੱਚ ਪ੍ਰਸ਼ਾਸਨਿਕ ਸੰਕਟ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਬਾਜਵਾ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ 'ਆਪ' ਦੀ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਦੇ ਵਿਕਾਸ ਦੀ ਚਾਲ ਪਟੜੀ ਤੋਂ ਉਤਰ ਗਈ ਹੈ। ਮੰਤਰੀ ਮੰਡਲ ਵਿੱਚ ਚਾਰ ਵਾਰ ਫ਼ੇਰਬਦਲ ਕਰਨ ਦੇ ਬਾਵਜ਼ੂਦ ਕੋਈ ਠੋਸ ਸੁਧਾਰ ਨਹੀਂ ਹੋਇਆ।

ਬਾਜਵਾ ਨੇ ਕਿਹਾ “ਮੰਤਰੀਆਂ ਦੀ ਲਗਾਤਾਰ ਫੇਰਬਦਲ ਪਟੜੀ ਤੋਂ ਉਤਰੀ ਰੇਲਗੱਡੀ ਦੇ ਡੱਬਿਆਂ ਨੂੰ ਬਦਲਣ ਦੇ ਸਮਾਨ ਹੈ। ਪੰਜਾਬ ਨੂੰ ਇੰਜਣ ਬਦਲਣ ਦੀ ਲੋੜ ਹੈ। ਭਗਵੰਤ ਮਾਨ ਦੀ ਲੀਡਰਸ਼ਿਪ ਯੋਗ ਅਗਵਾਈ ਨਹੀਂ ਕਰ ਰਹੀ। ਗ੍ਰਹਿ ਵਿਭਾਗ 'ਤੇ ਉਸ ਦੀ ਪਕੜ ਵਿਨਾਸ਼ਕਾਰੀ ਸਾਬਿਤ ਹੋਈ ਹੈ, ਜਿਸ ਨਾਲ ਕਾਨੂੰਨ ਵਿਵਸਥਾ ਕੰਟਰੋਲ ਤੋਂ ਬਾਹਰ ਹੋ ਗਈ ਹੈ"

ਬਾਜਵਾ ਨੇ ਅੱਗੇ ਕਿਹਾ ਕਿ ਸਮੁੱਚੀ 'ਆਪ' ਸਰਕਾਰ ਹਰ ਫਰੰਟ 'ਤੇ ਫੇਲ ਹੋ ਚੁੱਕੀ ਹੈ, ਜਿਸ ਦਾ ਕੋਈ ਵੀ ਮੰਤਰੀ ਜਾਂ ਵਿਧਾਇਕ ਚੋਣਾਂ ਦੌਰਾਨ ਕੀਤੇ ਵਾਅਦਿਆਂ 'ਤੇ ਖਰਾ ਨਹੀਂ ਉਤਰਿਆ। ਭਾਵੇਂ ਸਿੱਖਿਆ ਹੋਵੇ, ਸਿਹਤ ਸੰਭਾਲ ਹੋਵੇ, ਬੁਨਿਆਦੀ ਢਾਂਚਾ ਹੋਵੇ ਜਾਂ ਜਨਤਕ ਸੁਰੱਖਿਆ, 'ਆਪ' ਨੇ ਪੰਜਾਬ ਦੇ ਲੋਕਾਂ ਨੂੰ ਹਰ ਪਾਸੇ ਨਿਰਾਸ਼ ਕੀਤਾ ਹੈ। ਬਾਜਵਾ ਨੇ ਜ਼ੋਰ ਦੇ ਕੇ ਕਿਹਾ ਕਿ ਮੰਤਰੀਆਂ ਦੀ ਫ਼ੇਰਬਦਲ ਮਹਿਜ਼ ਇੱਕ ਕਾਸਮੈਟਿਕ ਤਬਦੀਲੀ ਹੈ ਜਦੋਂਕਿ ਮੁੱਖ ਮੁੱਦਾ ਲੀਡਰਸ਼ਿਪ ਦੀ ਪ੍ਰਭਾਵਸ਼ਾਲੀ ਢੰਗ ਨਾਲ ਸ਼ਾਸਨ ਕਰਨ ਦੀ ਅਯੋਗਤਾ ਹੈ।

ਬਾਜਵਾ ਨੇ ਸਿੱਟਾ ਕੱਢਿਆ “ਇਹ ਸਿਰਫ਼ ਮੁੱਖ ਮੰਤਰੀ ਹੀ ਨਹੀਂ" ਸਾਰੀ ਸਰਕਾਰ ਹੀ ਬੇਕਾਰ ਹੈ। ਮੰਤਰੀਆਂ ਤੋਂ ਲੈ ਕੇ ਵਿਧਾਇਕਾਂ ਤੱਕ ਕਿਸੇ ਨੇ ਵੀ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਪੰਜਾਬ ਦੇ ਲੋਕ ਬਿਹਤਰ ਸ਼ਾਸਨ ਦੇ ਹੱਕਦਾਰ ਹਨ, ਨਾ ਕਿ ਮੰਤਰੀ ਮੰਡਲ ਵਿੱਚ ਫੇਰਬਦਲ ਜਿਹੇ ਖਾਲੀ ਨਾਟਕ ਦੇ।"