Punjab Cabinet Reshuffle : ਪੰਜਾਬ ਕੈਬਨਿਟ 'ਚ ਅੱਜ ਵੱਡਾ ਫੇਰਬਦਲ; 4 ਮੰਤਰੀਆਂ ਦੀ ਹੋਈ ਛੁੱਟੀ, 5 ਨਵੇਂ ਮੰਤਰੀ ਚੁੱਕਣਗੇ ਸਹੁੰ
ਨਵੇਂ ਵਿਧਾਇਕ ਅੱਜ ਸ਼ਾਮ 5 ਵਜੇ ਮੰਤਰੀ ਵਜੋਂ ਸਹੁੰ ਚੁੱਕਣਗੇ
Punjab Cabinet Reshuffle : ਪੰਜਾਬ ਦੀ ਭਗਵੰਤ ਮਾਨ (Bhagwant Mann) ਸਰਕਾਰ ਅੱਜ ਯਾਨੀ ਸੋਮਵਾਰ ਨੂੰ ਚੌਥੀ ਵਾਰ ਪੰਜਾਬ ਮੰਤਰੀ ਮੰਡਲ (Punjab Cabinet Reshuffle) ਵਿੱਚ ਫੇਰਬਦਲ ਕਰਨ ਜਾ ਰਹੀ ਹੈ। ਇਸ 'ਚ 5 ਨਵੇਂ ਚਿਹਰੇ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾ ਸਕਦੇ ਹਨ ,ਜਦਕਿ ਚਾਰ ਮੰਤਰੀਆਂ ਨੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਸੋਮਵਾਰ ਸ਼ਾਮ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਇੱਕ ਸਾਦੇ ਸਮਾਗਮ ਵਿੱਚ 5 ਨਵੇਂ ਮੰਤਰੀਆਂ ਨੂੰ ਸਹੁੰ ਚੁਕਾਉਣਗੇ
ਜਿਨ੍ਹਾਂ ਮੰਤਰੀਆਂ ਨੇ ਅਸਤੀਫਾ ਦਿੱਤਾ ਹੈ , ਉਨ੍ਹਾਂ 'ਚ ਬਲਕੌਰ ਸਿੰਘ, ਚੇਤਨ ਸਿੰਘ ਜੋੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਸ਼ਾਮਲ ਹਨ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਅਸਤੀਫੇ ਕਾਰਨ ਮੰਤਰੀ ਮੰਡਲ ਦੀ ਇੱਕ ਸੀਟ ਪਹਿਲਾਂ ਹੀ ਖਾਲੀ ਹੈ। ਇਹ ਸਾਰੇ ਇਸ ਸਮੇਂ ਮਹੱਤਵਪੂਰਨ ਮੰਤਰਾਲਾ ਸੰਭਾਲ ਰਹੇ ਸਨ।
ਇਹ ਪੰਜ ਨਵੇਂ ਚਿਹਰੇ ਮੰਤਰੀ ਮੰਡਲ ਵਿੱਚ ਹੋ ਸਕਦੇ ਹਨ ਸ਼ਾਮਲ
ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ, ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ, ਸ਼ਾਮਚੁਰਾਸੀ ਦੇ ਵਿਧਾਇਕ ਡਾ.ਰਵਜੋਤ ਸਿੰਘ, ਜਲੰਧਰ ਦੇ ਵਿਧਾਇਕ ਮਹਿੰਦਰ ਭਗਤ ਅਤੇ ਸਾਹਨੇਵਾਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆ ਨੂੰ ਮੰਤਰੀ ਬਣਾਇਆ ਜਾਵੇਗਾ। ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਹਰਾਇਆ ਸੀ।
ਹਾਲਾਂਕਿ ਪੰਜਾਬ ਸਰਕਾਰ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਬਦਲਾਅ ਕਿਉਂ ਕੀਤੇ ਗਏ ਹਨ। ਇਸ ਨੂੰ ਪੰਜਾਬ ਵਿੱਚ ਹੋਣ ਵਾਲੀਆਂ ਉਪ ਚੋਣਾਂ ਅਤੇ ਪੰਚਾਇਤੀ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਵਿੱਚ ਮੰਤਰੀ ਮੰਡਲ ਵਿੱਚ ਫੇਰਬਦਲ ਹੋਇਆ ਸੀ।
30 ਮਹੀਨਿਆਂ 'ਚ ਚੌਥੀ ਵਾਰ ਮੰਤਰੀ ਮੰਡਲ ਦਾ ਵਿਸਥਾਰ
ਭਗਵੰਤ ਮਾਨ ਦੀ 30 ਮਹੀਨੇ ਪੁਰਾਣੀ ਸਰਕਾਰ ਵਿੱਚ ਇਹ ਚੌਥਾ ਮੰਤਰੀ ਮੰਡਲ ਦਾ ਵਿਸਥਾਰ ਹੈ। ਪੰਜਾਬ ਵਿਧਾਨ ਸਭਾ ਵਿੱਚ ਕੁੱਲ 117 ਮੈਂਬਰ ਹਨ, ਇਸ ਅਨੁਪਾਤ ਨਾਲ ਸੂਬੇ ਵਿੱਚ 18 ਮੰਤਰੀ ਬਣਾਏ ਜਾ ਸਕਦੇ ਹਨ। ਹੁਣ ਤੱਕ ਮੰਤਰੀ ਮੰਡਲ ਵਿੱਚ ਸੀਐਮ ਮਾਨ ਸਮੇਤ 15 ਮੰਤਰੀ ਸਨ। ਮੰਤਰੀਆਂ ਦੇ ਅਸਤੀਫੇ ਅਤੇ ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਤੋਂ ਬਾਅਦ ਮੰਤਰੀ ਮੰਡਲ ਵਿੱਚ ਮੈਂਬਰਾਂ ਦੀ ਗਿਣਤੀ 16 ਹੋ ਜਾਵੇਗੀ।
ਦੱਸ ਦੇਈਏ ਕਿ ਕਰੀਬ 3 ਮਹੀਨੇ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਹੋਣਾ ਤੈਅ ਮੰਨਿਆ ਜਾ ਰਿਹਾ ਸੀ ਪਰ ਜਲੰਧਰ ਵਿਧਾਨ ਸਭਾ ਉਪ ਚੋਣ ਕਾਰਨ ਇਹ ਟਲਦਾ ਰਿਹਾ। ਹੁਣ ਹਰਿਆਣਾ ਵਿਧਾਨ ਸਭਾ ਚੋਣਾਂ ਅਤੇ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਇਸ ਬਦਲਾਅ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਮੰਤਰੀ ਮੰਡਲ ਵਿੱਚ ਇਹ ਫੇਰਬਦਲ ਮੰਤਰੀਆਂ ਦੀ ਕਾਰਗੁਜ਼ਾਰੀ ਅਤੇ ਉਨ੍ਹਾਂ ਦੇ ਖੇਤਰਾਂ ਦੀਆਂ ਰਿਪੋਰਟਾਂ ਨੂੰ ਦੇਖਦਿਆਂ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਦੇ ਹੋਏ ਜਾਤੀ ਸਮੀਕਰਨਾਂ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਡੇ ਜ਼ਿਲ੍ਹਿਆਂ ਦੀ ਅਗਵਾਈ ਸੌਂਪੀ ਗਈ ਹੈ।
ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿੰਦਰ ਭਗਤ ਨੂੰ ਮੰਤਰੀ ਬਣਾ ਕੇ ਜਲੰਧਰ ਵਾਸੀਆਂ ਨੂੰ ਰਿਟਰਨ ਤੋਹਫਾ ਦਿੱਤਾ ਹੈ। ਕਿਉਂਕਿ ਜ਼ਿਮਨੀ ਚੋਣ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਮਹਿੰਦਰ ਭਗਤ ਨੂੰ ਵਿਧਾਇਕ ਬਣਾਉਂਦੇ ਹੋ ਤਾਂ ਉਹ ਖੁਦ ਉਨ੍ਹਾਂ ਨੂੰ ਮੰਤਰੀ ਬਣਾ ਦੇਣਗੇ। ਅੱਜ ਸ਼ਾਮ ਪੰਜ ਨਵੇਂ ਮੰਤਰੀ ਰਾਜ ਭਵਨ ਵਿੱਚ ਸਹੁੰ ਚੁੱਕਣਗੇ।