3704 ਅਧਿਆਪਕ ਯੂਨੀਅਨ ਪੰਜਾਬ ਵੱਲੋਂ 24 ਸਤੰਬਰ ਨੂੰ ਸਰਕਾਰ ਵਿਰੁੱਧ ਮੋਹਾਲੀ ਅਤੇ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਧਿਾਪਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

3704 Teachers Union Punjab to protest against government in Mohali and Chandigarh on September 24

ਚੰਡੀਗੜ੍ਹ: 3704 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਫਾਜ਼ਿਲਕਾ ਨੇ ਦੱਸਿਆ ਹੈ ਕਿ ਪਿਛਲੇ ਪੰਜ ਸਾਲ ਤੋਂ 3704 ਅਧਿਆਪਕਾਂ ਵੱਲੋਂ ਪੰਜਾਬ ਦਾ ਪੇਅ ਸਕੇਲ ਲਾਗੂ ਕਰਵਾਉਣ ਲਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਜਿਸ ਅਧੀਨ ਹਾਈਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਇਹਨਾਂ ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਥੋਪੇ ਗਏ 17-07-2020 ਦੇ ਨੋਟੀਫਿਕੇਸ਼ਨ ਤੋਂ ਨਿਰਯਾਤ ਮਿਲੀ ਅਤੇ ਕੋਰਟ ਨੇ ਰੂਲਾਂ ਅਨੁਸਾਰ ਵਿਭਾਗ ਨੂੰ ਤਨਖਾਹ ਜਾਰੀ ਕਰਨ ਦੀ ਹਦਾਇਤ ਜਾਰੀ ਕੀਤੀ। ਇਸ ਸਮੇਂ ਆਗੂ ਯਾਦਵਿੰਦਰ ਸਿੰਘ ਮੋਗਾ ਨੇ ਦੱਸਿਆ ਕਿ ਵਿਭਾਗ ਵੱਲੋਂ ਸਪੀਕਿੰਗ ਆਰਡਰ ਜਾਰੀ ਕਰ ਲਗਭਗ 20 ਜ਼ਿਲਿਆਂ ਦੇ ਅਧਿਆਪਕਾਂ ਦੀ ਸਹੀ ਤਨਖ਼ਾਹ ਜਾਰੀ ਕਰ ਦਿੱਤੀ ਗਈ ਅਤੇ ਵਿਭਾਗ ਵੱਲੋਂ ਛੇਵੇਂ ਪੇਅ ਸਕੇਲ ਅਨੁਸਾਰ 3704 ਕੇਡਰ ਅਧਿਆਪਕਾਂ ਦੀ ਪੇਅ ਫਿਕਸੇਸ਼ਨ ਦੀਆਂ ਕਾਪੀਆਂ ਮਾਨਯੋਗ ਹਾਈਕੋਰਟ ਨੂੰ  ਵੀ ਜਮ੍ਹਾਂ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਲਗਭਗ 75% ਮੁਲਾਜ਼ਮਾਂ ਦੀਆਂ ਤਨਖਾਹਾਂ 6ਵੇਂ ਤਨਖਾਹ ਕਮਿਸ਼ਨ ਅਨੁਸਾਰ ਉਹਨਾਂ ਦੇ ਖਾਤਿਆਂ ਵਿਚ ਆ ਚੁੱਕੀਆਂ ਹਨ।

ਪ੍ਰੰਤੂ ਹੁਣ ਵਿਭਾਗ ਇਹਨਾਂ ਅਧਿਆਪਕਾਂ 'ਤੇ ਪੰਜਵਾਂ ਪੇਅ ਸਕੇਲ ਥੋਪਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਭਾਗ ਦੇ ਇਸ ਨਾਦਰਸ਼ਾਹੀ ਫੁਰਮਾਨ ਦੀ ਜਥੇਬੰਦੀਆਂ ਨੇ ਵੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ।ਯੂਨੀਅਨ ਆਗੂਆਂ ਨੇ ਦੱਸਿਆ ਕਿ ਲਗਭਗ ਤਿੰਨ ਜਿਲ੍ਹੇ ਮਾਨਸਾ,ਸੰਗਰੂਰ ਅਤੇ ਬਰਨਾਲਾ ਵੱਲੋਂ ਬਣਦਾ ਲਾਭ ਜਾਰੀ ਕਰਨ ਦੀ ਜਗ੍ਹਾ ਅਧਿਆਪਕਾਂ ਨੂੰ ਤਨਖ਼ਾਹ ਉਪਰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਅਧਿਆਪਕਾਂ ਵੱਲੋਂ 1 ਸਤੰਬਰ ਨੂੰ ਮੁੱਖ ਸਿੱਖਿਆ ਦਫ਼ਤਰ ਮੋਹਾਲੀ ਦਾ ਘਿਰਾਓ ਕੀਤਾ ਗਿਆ ਅਤੇ ਪੱਕਾ ਧਰਨਾ ਲਗਾ ਦਿੱਤਾ ਗਿਆ ਜ਼ੋ ਹੁਣ ਤੱਕ ਲਗਾਤਾਰ ਚੱਲ ਰਿਹਾ ਹੈ ਪ੍ਰੰਤੂ ਫਿਰ ਵੀ ਵਿਭਾਗ ਵੱਲੋਂ ਅਧਿਆਪਕਾਂ ਦੀ ਕੋਈ ਸਾਰ ਨਹੀਂ ਲਈ ਗਈ।

3704 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਆਪਣੇ ਨਾਲ ਹੋ ਰਹੇ ਇਸ ਧੱਕੇ ਤੋਂ ਜਾਣੂੰ ਕਰਵਾਉਣ ਲਈ ਪੰਜਾਬ ਸਰਕਾਰ ਦੇ ਨਾਮ ਹਲਕਾ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਸੌਂਪਣ ਦੀ ਪ੍ਰਕਿਰਿਆ ਵੀ ਚਲਾਈ ਜਾ ਰਹੀ ਹੈ।3704 ਅਧਿਆਪਕਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦਾ ਮਸਲਾ ਹੱਲ ਨਹੀਂ ਕੀਤਾ ਗਿਆ ਤਾਂ 24 ਸਤੰਬਰ ਨੂੰ ਉਹਨਾਂ ਵੱਲੋਂ ਸਰਕਾਰ ਵਿਰੁੱਧ ਮੋਹਾਲੀ ਅਤੇ ਚੰਡੀਗੜ੍ਹ ਭਰਵਾਂ ਇਕੱਠ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਸਮੇਂ ਆਗੂ ਜਗਜੀਵਨਜੋਤ ਮਾਨਸਾ, ਜਸਵੀਰ ਪਟਿਆਲਾ, ਜਸਵੀਰ ਅਲੀਸ਼ੇਰ, ਜਸਵਿੰਦਰ ਸ਼ਾਹਪੁਰ ਕਲਾਂ,ਦਵਿੰਦਰ ਅਲੀਸ਼ੇਰ,ਮੁਹੰਮਦ ਦਿਲਸ਼ਾਦ,ਮਨਪ੍ਰੀਤ ਰਾਏਧਰਾਣਾ, ਮਨਦੀਪ ਸਿੰਘ ਬਿਜਲਪੁਰ ਹਾਜ਼ਰ ਸਨ।