ਪੰਜ ਤਖ਼ਤ ਸਾਹਿਬਾਨਾਂ ਦੀ ਪੁਨੀਤ ਸਿੰਘ ਨੇ ਸਕੇਟਿੰਗ ਕਰਕੇ ਕੀਤੀ ਯਾਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਕੀ ਗੁਰਧਾਮਾਂ ਦੇ ਦਰਸ਼ਨਾਂ ਲਈ ਵੀ ਪੁਨੀਤ ਸਿੰਘ ਸਕੇਟਿੰਗ ਯਾਤਰਾ ਰੱਖਣਗੇ ਜਾਰੀ

Puneet Singh travels to the five Takht Sahibs by skating

ਅਕਸਰ ਹੀ ਕਿਹਾ ਜਾਂਦਾ ਹੈ ਕਿ ਜਨੂਨ ਅੱਗੇ ਕੋਈ ਵੀ ਚੀਜ਼ ਵੱਡੀ ਨਹੀਂ ਹੁੰਦੀ। ਇਸ ਨੂੰ ਸਹੀ ਸਾਬਤ ਦਿੱਤਾ ਹੈ ਪੁਨੀਤ ਸਿੰਘ ਨੇ। ਪੁਨੀਤ ਸਿੰਘ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਅਰਦਾਸ ਕਰਨ ਤੋਂ ਬਾਅਦ ਤਲਵੰਡੀ ਸਾਬੋ, ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਦੀ ਯਾਤਰਾ ਸ਼ੁਰੂ ਕੀਤੀ ਅਤੇ ਉਨ੍ਹਾਂ ਵੱਲੋਂ ਇਹ ਯਾਤਰਾ ਸਕੇਟਿੰਗ ਕਰਕੇ ਕੀਤੀ ਗਈ। ਇਨ੍ਹਾਂ ਯਾਤਰਾਵਾਂ ਦੌਰਾਨ ਪੁਨੀਤ ਸਿੰਘ ਨੇ ਲਗਭਗ 2000 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਪੁਨੀਤ ਸਿੰਘ ਨੇ ਕਿਹਾ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਬੁਰੀ ਤਰ੍ਹਾਂ ਨਾਲ ਨਸ਼ਿਆਂ ਵਿਚ ਗਲਤਾਨ ਚੁੱਕੀ ਹੈ ਅਤੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਲਈ ਖੇਡਾਂ ਵੱਲ ਆਉਣਾ ਚਾਹੀਦਾ ਹੈ। 

ਇਸ ਤੋਂ ਪਹਿਲਾਂ ਪੁਨੀਤ ਸਿੰਘ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਫਤਿਹਗੜ੍ਹ ਸਾਹਿਬ, ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਵੀ ਸਕੇਟਿੰਗ ਕਰਕੇ ਕਰ ਚੁੱਕੇ ਹਨ।

ਪੁਨੀਤ ਸਿੰਘ ਦੇ ਇਸ ਸ਼ਲਾਘਾਯੋਗ ਕਦਮ ਦੀ ਸਿੱਖ ਜਥੇਬੰਦੀਆਂ, ਸਿੱਖ ਆਗੂਆਂ ਵੱਲੋਂ ਕਾਫ਼ੀ ਤਾਰੀਫ਼ ਕੀਤੀ ਜਾ ਰਹੀ ਹੈ। ਕਈ ਸਿੱਖ ਆਗੂਆਂ ਨੇ ਕਿਹਾ ਕਿ ਜਿੰਨਾ ਇਹ ਦੇਖਣ-ਸੁਣਨ ਨੂੰ ਸੌਖਾ ਲਗਦਾ ਹੈ ਪਰ ਇਹ ਕਾਰਜ ਬਹੁਤ ਜ਼ਿਆਦਾ ਔਖਾ ਅਤੇ ਮੁਸ਼ਕਿਲ ਭਰਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਗੁਰਧਾਮਾਂ ਦੀ ਯਾਤਰਾ ਲਈ ਟਰੇਨਾਂ, ਬੱਸਾਂ ਜਾਂ ਆਪਣੀਆਂ ਗੱਡੀਆਂ ’ਤੇ ਨਿਕਲਦੇ ਹਾਂ ਤਾਂ ਹਰ ਇਕ ਇਨਸਾਨ ਇੰਨਾ ਜ਼ਿਆਦਾ ਸਫ਼ਰ ਕਰਨ ਤੋਂ ਬਾਅਦ ਆਪਣੇ ਆਪ ਨੂੰ ਬੇਹੱਦ ਥੱਕਿਆ ਅਤੇ ਟੁੱਟਿਆ ਹੋਇਆ ਮਹਿਸੂਸ ਕਰਦਾ ਹੈ। ਅਸਲ ਵਿਚ ਹਰ ਇਕ ਇਨਸਾਨ ਇੰਨਾ ਜ਼ਿਆਦਾ ਸਫ਼ਰ ਕਰਨ ਤੋਂ ਬਾਅਦ ਥੱਕ ਵੀ ਜਾਂਦਾ ਹੈ। ਪਰ ਸਿੱਖ ਬੱਚੇ ਪੁਨੀਤ ਸਿੰਘ ’ਤੇ ਵਾਹਿਗੁਰੂ ਦੀ ਅਪਾਰ ਕਿਰਪਾ ਹੈ ਜੋ ਸਕੇਟਿੰਗ ਕਰਕੇ ਪੰਜ ਤਖ਼ਤ ਸਾਹਿਬਾਨਾਂ ਦੀ ਯਾਤਰਾ ਕਰ ਚੁੱਕਿਆ ਹੈ। ਜਦਕਿ ਇਹ ਕਾਰਜ ਬਹੁਤ ਮੁਸ਼ਕਿਲ ਹੈ।  ਇੰਨਾ ਯਾਤਰਾ ਕਰਨ ਤੋਂ ਬਾਅਦ ਵੀ ਪੁਨੀਤ ਸਿੰਘ ਦੇ ਚਿਹਰੇ ’ਤੇ ਥਕਾਵਟ ਦਾ ਕੋਈ ਨਿਸ਼ਾਨ ਦਿਖਾਈ ਨਹੀਂ ਦਿੱਤਾ। ਪੁਨੀਤ ਸਿੰਘ ਨੂੰ ਇਹ ਸਭ ਕਾਰਜ ਕਰਨ ਲਈ ਵਾਹਿਗੁਰੂ ਵੱਲੋਂ ਹੀ ਬਲ ਬਖਸ਼ਿਆ ਗਿਆ ਹੈ, ਜਿਸ ਦੇ ਚਲਦਿਆਂ ਉਸ  ਨੇ ਸਕੇਟਿੰਗ ਕਰਕੇ ਪੰਜ ਤਖ਼ਤ ਸਾਹਿਬਾਨਾਂ ਦੀ ਯਾਤਰਾ ਕੀਤੀ ਹੈ। ਪੁਨੀਤ ਸਿੰਘ ਨੇ ਕਿਹਾ ਕਿ ਉਹ ਬਾਕੀ ਗੁਰਧਾਮਾਂ ਦੇ ਦਰਸ਼ਨਾਂ ਲਈ ਵੀ ਉਹ ਆਪਣੀ ਇਸ ਸਕੇਟਿੰਗ ਯਾਤਰਾ ਨੂੰ ਜਾਰੀ ਰੱਖੇਗਾ।