ਕਿਸਾਨਾਂ ਦੇ ਰੇਲ ਪਟੜੀਆਂ ਤੋਂ ਹਟ ਜਾਣ ਤੋਂ ਬਾਅਦ ਤਾਪ ਬਿਜਲੀ ਘਰਾਂ ਨੂੰ ਪਹੁੰਚਿਆ ਕੋਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੰਦ ਹੋਏ ਤਾਪ ਬਿਜਲੀ ਘਰ ਮੁੜ ਮਘਾਏ, ਬਿਜਲੀ ਖਪਤ ਦਾ ਅੰਕੜਾ 5883 ਮੈਗਾਵਾਟ

image

ਪਟਿਆਲਾ, 23 ਅਕਤੂਬਰ (ਜਸਪਾਲ ਸਿੰਘ ਢਿੱਲੋਂ) : ਪਿਛਲੇ ਕਾਫੀ ਦਿਨਾਂ ਭਾਵ ਤਿੰਨ ਹਫ਼ਤਿਆਂ ਤੋਂ ਬਾਅਦ ਕੱਲ ਕਿਸਾਨਾਂ ਨੇ ਅਪਣਾ ਸੰਘਰਸ਼ ਰੇਲ ਪਟੜੀਆਂ ਤੋਂ ਹਟਾ ਕੇ ਸਟੇਸ਼ਨ 'ਤੇ ਤਬਦੀਲ ਕਰ ਲਿਆ ਹੈ ਜਿਸ ਕਾਰਨ ਹੁਣ ਮਾਲ ਗੱਡੀਆਂ ਦੌੜਣੀਆਂ ਸ਼ੁਰੂ ਹੋ ਗਈਆਂ ਹਨ।

image


ਇਸ ਦਾ ਸੱਭ ਤੋਂ ਵੱਡਾ ਅਸਰ ਰਾਜ ਦੇ ਨਿੱਜੀ ਤਾਪ ਬਿਜਲੀ ਘਰਾਂ 'ਤੇ ਪਿਆ ਹੈ । ਇਸ ਲਈ ਕੋਲਾ ਹੁਣ ਨਿੱਜੀ ਤਾਪ ਬਿਜਲੀ ਘਰਾਂ ਕੋਲ ਪਹੁੰਚਣਾ ਸ਼ੁਰੂ ਹੋ ਗਿਆ ਹੈ ਜਿਸ ਕਰ ਕੇ ਨਿੱਜੀ ਖੇਤਰ ਦੇ ਬੰਦ ਪਏ ਦੋ ਤਾਪ ਬਿਜਲੀ ਘਰ ਤਲਵੰਡੀ ਸਾਬੋ ਦਾ ਵਣਾਵਾਲੀ ਤੇ ਜੀਵੀਕੇ ਗੋਇੰਦਵਾਲ ਸਾਹਿਬ ਨੂੰ ਮੁੜ ਭਖਾ ਲਿਆ ਹੈ। ਤਾਜ਼ਾ ਸਥਿਤੀ 'ਤੇ ਜੇ ਝਾਤੀ ਮਾਰੀ ਜਾਵੇ ਤਾਂ ਵਣਾਵਾਲੀ ਤਾਪ ਬਿਜਲੀ ਘਰ ਜੋ ਕੋਲੇ ਦੀ ਘਾਟ ਕਾਰਨ ਬੰਦ ਹੋ ਗਿਆ ਸੀ ਕੋਲ ਬੀਤੀ ਰਾਤ ਤਕ 15429 ਮੀਟਰਕਟ ਟਨ ਕੋਲਾ ਪਹੁੰਚ ਗਿਆ ਸੀ ਜਿਸ ਕਰ ਕੇ ਪ੍ਰਬੰਧਕਾਂ ਨੇ ਤਾਪ ਬਿਜਲੀ ਘਰ ਨੂੰ ਮੁੜ ਭਖਾ ਲਿਆ ਹੈ, ਇਸ ਤਾਪ ਬਿਜਲੀ ਘਰ ਦੇ ਇਕ ਯੂਨਿਟ ਤੋਂ ਹੁਣ 620 ਮੈਗਾਵਾਟ ਬਿਜਲੀ ਪੈਦਾ ਹੋ ਗਈ ਹੈ। ਨਿੱਜੀ ਖੇਤਰ ਦੇ ਰਾਜਪੁਰਾ ਨਲਾਸ ਤਾਪ ਬਿਜਲੀ ਘਰ ਕੋਲ ਵੀ 8037 ਮੀਟਰਕ ਟਨ ਕੋਲਾ ਪਹੁੰਚਿਆ ਹੈ ਇਸ ਤਾਪ ਬਿਜਲੀ ਘਰ ਨੇ ਦੋ ਯੂਨਿਟ ਭਖਾਏ ਹੋਏ ਹਨ ਤੇ ਇਥੋਂ 1333 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ। ਜੀਵੀਕੇ ਤਾਪ ਬਿਜਲੀ ਘਰ ਵੀ ਕੋਲੇ ਕਾਰਨ ਬੰਦ ਹੋ ਗਿਆ ਸੀ ਜੋ ਹੁਣ ਮੁੜ ਚਾਲੂ ਹੋ ਗਿਆ ਹੈ, ਇਸ ਤਾਪ ਬਿਜਲੀ ਘਰ ਦੇ ਇਕ ਯੂਨਿਟ ਤੋਂ 251 ਮੈਗਾਵਾਟ ਬਿਜਲੀ ਮਿਲਣੀ ਸ਼ੁਰੂ ਹੋ ਗਈ ਹੈ।


ਇਸ ਵੇਲੇ ਪੰਜਾਬ ਦਾ ਬਿਜਲੀ ਲੋਡ 5883 ਮੈਗਾਵਾਟ ਹੈ ਜੋ ਮੋਸਮ ਦੀ ਤਬਦੀਲੀ ਕਾਰਨ ਹੋਈ ਹੈ। ਇਸ ਨਾਲ ਨਿਪਟਣ ਲਈ ਬਿਜਲੀ ਨਿਗਮ ਨੂੰ ਪਣ ਬਿਜਲੀ ਘਰਾਂ ਤੋਂ ਸਾਨੂੰ 406 ਮੈਗਾਵਾਟ ਬਿਜਲੀ ਮਿਲ ਰਹੀ ਹੈ ਇਸ ਵਿਚ ਰਣਜੀਤ ਸਾਗਰ ਡੈਮ ਤੋਂ 138 ਮੈਗਾਵਾਟ, ਅਪਰਬਾਰੀ ਦੁਆਬ ਕੈਨਾਲ ਪਣ ਬਿਜਲੀ ਘਰ ਤੋਂ 43 ਮੈਗਾਵਾਟ, ਮੁਕੇਰੀਆਂ ਪਣ ਬਿਜਲੀ ਘਰ ਤੋਂ 183 ਮੈਗਾਵਾਟ, ਆਨੰਦਪੁਰ ਸਾਹਿਬ ਦੇ ਪਣ ਬਿਜਲੀ ਘਰ ਤੋਂ 30 ਮੈਗਾਵਾਟ ਅਤੇ ਸ਼ਾਨਨ ਪਣ ਬਿਜਲੀ ਘਰ ਜੋ ਹਿਮਾਚਲ 'ਚ ਹੈ ਤੋਂ ਵੀ 16 ਮੈਗਾਵਾਟ ਅਤੇ ਨਵਿਆਉਣਯੋਗ ਸਰੋਤਾਂ ਤੋਂ 162 ਮੈਗਾਵਾਟ ਜਿਸ ਵਿਚ ਸੌਰ ਊਰਜਾ ਤੋਂ 74 ਅਤੇ ਗੈਰ ਸੌਰ ਊਰਜਾ ਪ੍ਰਾਜੈਕਟਾਂ ਤੋਂ 87 ਮੈਗਾਵਾਟ ਬਿਜਲੀ ਦਾ ਯੋਗਦਾਨ ਬਿਜਲੀ ਖਪਤ ਦੀ ਪੁਰਤੀ ਲਈ ਪਾਇਆ ਜਾ ਰਿਹਾ ਹੈ।