ਕਿਸਾਨਾਂ ਨੇ ਬਾਹਰਲੇ ਸੂਬਿਆਂ ਤੋਂ ਆ ਰਹੇ ਝੋਨੇ ਦੇ ਟਰਾਲੇ ਘੇਰੇ
ਕਿਸਾਨਾਂ ਨੇ ਬਾਹਰਲੇ ਸੂਬਿਆਂ ਤੋਂ ਆ ਰਹੇ ਝੋਨੇ ਦੇ ਟਰਾਲੇ ਘੇਰੇ
ਸੁਨਾਮ ਊਧਮ ਸਿੰਘ ਵਾਲਾ, 22 ਅਕਤੂਬਰ (ਦਰਸ਼ਨ ਸਿੰਘ ਚੌਹਾਨ) : ਸੁਨਾਮ ਨੇੜਲੇ ਪਿੰਡ ਮਹਿਲਾਂ ਵਿਖੇ ਕਿਸਾਨਾਂ ਨੇ ਬਾਹਰਲੇ ਸੂਬਿਆਂ ਤੋਂ ਝੋਨੇ ਦੇ ਭਰੇ ਆ ਰਹੇ ਕਰੀਬ ਇਕ ਦਰਜਨ ਟਰੱਕਾਂ ਨੂੰ ਘੇਰ ਲਿਆ। ਸ਼ਾਮ ਤਕ ਉਕਤ ਮਾਮਲੇ ਵਿਚ ਕਿਸੇ ਅਧਿਕਾਰੀ ਵਲੋਂ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਮਲਕੀਤ ਸਿੰਘ ਲਖਮੀਰਵਾਲਾ, ਬੁੱਧ ਸਿੰਘ ਦੁੱਲਟ, ਦਰਬਾਰਾ ਸਿੰਘ ਘੁਮਾਣ, ਸੁਖਵੀਰ ਸਿੰਘ ਮਹਿਲਾਂ ਚੌਕ ਅਤੇ ਕੁਲਦੀਪ ਸਿੰਘ ਖਨਾਲ ਕਲਾਂ ਨੇ ਦਸਿਆ ਕਿ ਖਨਾਲ ਕਲਾਂ ਦੇ ਕੁੱਝ ਨੌਜਵਾਨ ਕਿਸਾਨ ਸੰਗਰੂਰ ਵਿਖੇ ਚੱਲ ਰਹੇ ਲਗਾਤਾਰ ਧਰਨੇ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੇ ਮਹਿਲਾਂ ਪਿੰਡ ਨੇੜੇ ਢਾਬੇ 'ਤੇ ਝੋਨੇ ਦੇ ਭਰੇ ਕੁੱਝ ਟਰੱਕ ਦੇਖੇ। ਕਿਸਾਨ ਜਥੇਬੰਦੀ ਦੇ ਕਾਰਕੁਨਾਂ ਵਲੋਂ ਪਤਾ ਕਰਨ 'ਤੇ ਇਹ ਇਹ ਟਰੱਕ ਬਿਹਾਰ ਅਤੇ ਯੂਪੀ ਦੇ ਪਾਏ ਗਏ ਅਤੇ ਇਨ੍ਹਾਂ ਨੇ ਮੋਗਾ, ਬਰਨਾਲਾ ਅਤੇ ਤਰਨਤਾਰਨ ਵਲ ਜਾਣਾ ਸੀ। ਉਨ੍ਹਾਂ ਦਸਿਆ ਇਨ੍ਹਾਂ ਟਰੱਕ ਡਰਾਈਵਰਾਂ ਕੋਲ ਮੌਜੂਦ ਬਿਲਟੀਆਂ ਉਪਰ ਜੋ ਮੋਬਾਈਲ ਨੰਬਰ ਦਰਜ ਹਨ ਉਨ੍ਹਾਂ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗੋਂ ਕਿਸੇ ਨੇ ਵੀ ਫ਼ੋਨ ਨਹੀਂ ਚੁਕਿਆ। ਕਿਸਾਨ ਆਗੂਆਂ ਨੇ ਤਰੁਤ ਇਸ ਦੀ ਸੂਚਨਾ ਮਾਰਕੀਟ ਕਮੇਟੀ ਅਤੇ ਪੁਲਿਸ ਨੂੰ ਦਿਤੀ। ਉਸ ਉਪਰੰਤ ਦੋਵਾਂ ਵਿਭਾਗਾਂ ਵਲੋਂ ਕਿਸਾਨਾਂ ਨੂੰ ਭਰੋਸੇ ਵਿਚ ਲੈਣ ਤੋਂ ਬਾਅਦ ਅਪਣੀ ਕਾਰਵਾਈ ਆਰੰਭ ਦਿਤੀ ਗਈ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀ ਸੰਦੀਪ ਸਿੰਘ ਨੇ ਕਿਹਾ ਕਿ ਜਾਂਚ ਦੌਰਾਨ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਨੰ: 22 ਐਸਐਨਜੀ 31