ਚਾਰ ਕਤਲਾਂ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ, ਪ੍ਰੇਮਿਕਾ ਨੂੰ ਉਮਰ ਕੈਦ

ਏਜੰਸੀ

ਖ਼ਬਰਾਂ, ਪੰਜਾਬ

ਚਾਰ ਕਤਲਾਂ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ, ਪ੍ਰੇਮਿਕਾ ਨੂੰ ਉਮਰ ਕੈਦ

image

ਨਾਜਾਇਜ਼ ਸਬੰਧਾਂ ਕਾਰਨ ਪਤਨੀ, ਦੋ ਬੱਚਿਆਂ ਅਤੇ ਸੀਰੀ ਦਾ ਕੀਤਾ ਸੀ ਕਤਲ

ਸ੍ਰੀ ਮੁਕਤਸਰ ਸਾਹਿਬ, 22 ਅਕਤੂਬਰ (ਰਣਜੀਤ ਸਿੰਘ/ਗੁਰਦੇਵ ਸਿੰਘ) : ਜੱਜ ਅਰੁਣ ਵਸ਼ਿਸ਼ਟ ਦੀ ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਚਾਰ ਹਤਿਆਵਾਂ ਦੇ ਦੋਸ਼ੀ ਪਲਵਿੰਦਰ ਸਿੰਘ ਨੂੰ ਫਾਂਸੀ ਤੇ ਉਸ ਦੀ ਸਹਿਯੋਗੀ ਔਰਤ ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਟਾਰਨੀ ਨਵਦੀਪ ਗਿਰਧਰ ਤੇ ਬਚਾਅ ਪੱਖ ਦੇ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿਤੀ ਕਿ ਪਲਵਿੰਦਰ ਸਿੰਘ ਦੇ ਸਬੰਧ ਉਸ ਦੇ ਸੀਰੀ ਨਿਰਮਲ ਸਿੰਘ ਦੀ ਪਤਨੀ ਕਰਮਜੀਤ ਕੌਰ ਦੇ ਨਾਲ ਸਨ। ਉਨ੍ਹਾਂ ਦੇ ਸਬੰਧਾਂ ਵਿਚ ਉਸ ਦਾ ਸੀਰੀ ਨਿਰਮਲ ਸਿੰਘ, ਪਲਵਿੰਦਰ ਦੀ ਪਤਨੀ ਸਰਬਜੀਤ ਕੌਰ ਤੇ ਉਸ ਦੇ ਦੋ ਬੱਚੇ ਜਸ਼ਨਪ੍ਰੀਤ ਸਿੰਘ (4) ਤੇ ਉਸ ਦੀ ਧੀ ਗਗਨਦੀਪ ਕੌਰ (6) ਰੋੜਾ ਬਣ ਰਹੇ ਸਨ, ਜਿੰਨਾਂ ਨੂੰ ਰਸਤੇ 'ਚੋਂ ਹਟਾਉਣ ਲਈ ਉਨ੍ਹਾਂ ਯੋਜਨਾ ਬਣਾਈ ਸੀ। ਸਾਜਸ਼ ਨਾਲ ਕਤਲ ਕਰਨ ਤੋਂ ਬਾਅਦ 27 ਜਨਵਰੀ 2016 ਨੂੰ ਦੋਸ਼ੀ ਪਲਵਿੰਦਰ ਸਿੰਘ ਤੇ ਕਰਮਜੀਤ ਕੌਰ ਨੇ ਵਿਆਹ ਕਰਵਾ ਲਿਆ। ਮਾਮਲਾ ਦਰਜ ਹੋਣ ਤੋਂ ਬਾਅਦ ਸਾਰੇ ਤੱਥ ਸਾਹਮਣੇ ਆ ਗਏ। ਅਦਾਲਤ ਨੇ ਕੇਸ ਨੂੰ ਰੇਅਰੈਸਟ ਆਫ਼ ਰੇਅਰ ਹੋਣ ਕਾਰਨ ਦੋਸ਼ੀ ਪਲਵਿੰਦਰ ਸਿੰਘ ਨੂੰ ਫਾਂਸੀ ਤੇ ਉਸ ਦੀ ਸਹਿਯੋਗੀ ਔਰਤ ਕਰਮਜੀਤ ਕੌਰ ਨੂੰ ਉਮਰ ਕੈਦੀ ਦੀ ਸਜ਼ਾ ਸੁਣਾ ਦਿਤੀ ਹੈ।