ਸ਼ਾਰਪ ਸ਼ੂਟਰ ਗੈਂਗਸਟਰ ਹਰਮਨਜੀਤ ਸਿੰਘ ਉਰਫ਼ ਹਰਮਨ ਭਾਉ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਪੰਜਾਬ

ਹੁਣ ਤੱਕ 10 ਐਫਆਈਆਰਜ ਦਰਜ

Harmanjeet Singh alias Harman Bhau

ਮੋਗਾ - ਮੋਗਾ ਪੁਲਿਸ ਨੇ ਸ਼ਾਰਪ ਸ਼ੂਟਰ ਹਰਮਨਜੀਤ ਸਿੰਘ ਉਰਫ਼ ਹਰਮਨ ਭਾਉ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਹਰਮਨ ਜੀਤ ਨੇ ਮੋਗਾ ਮੰਡੀ ਵਿਚ 4 ਸਤੰਬਰ ਨੂੰ ਇਕ ਚਾਵਲ ਵਪਾਰੀ ਨੂੰ ਆਪਣੇ ਦੋ ਸਾਥੀਆਂ ਸਮੇਤ ਗੋਲੀ ਮਾਰੀ ਸੀ। ਮੋਗਾ ਪੁਲਿਸ ਨੇ ਉਸ ਦੇ ਦੋ ਸਾਥੀ, ਅਜੈ ਕੁਮਾਰ ਉਰਫ ਮਨੀ ਪੁੱਤਰ ਮਨਜੀਤਪਾਲ ਸਿੰਘ ਵਾਸੀ ਕੋਟਕਪੂਰਾ ਅਤੇ ਅੰਮ੍ਰਿਤਪਾਲ ਸਿੰਘ ਉਰਫ ਭਿੰਡਰ ਪੁੱਤਰ ਜਗਜੀਤ ਸਿੰਘ ਵਾਸੀ ਭਿੰਡਰ ਕਲਾਂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ

ਅਤੇ ਹੁਣ ਉਸ ਮਾਮਲੇ ਵਿਚ ਹਰਮਨ ਭਾਊ ਕੋਲੋਂ 2000 ਨਸ਼ੀਲੀਆਂ ਗੋਲੀਆਂ ਟ੍ਰਾਮਾਡੋਲ ਐਸ.ਆਰ ਅਤੇ 12 ਬੋਰ ਦੇ ਇੱਕ ਹਥਿਆਰ ਸਮੇਤ 6 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਗੈਂਗਸਟਰ ਸਮੂਹਿਕ ਤੌਰ ‘ਤੇ ਹਾਈਵੇਅ ਲੁੱਟਾਂ ਖੋਹਾਂ, ਫਿਰੌਤੀ ਲਈ ਕਤਲ ਦੀ ਕੋਸ਼ਿਸ਼, ਗੈਂਗ ਯੁੱਧ ਦੇ ਕਈ ਮਾਮਲਿਆਂ ਵਿਚ ਸ਼ਾਮਲ ਸਨ।

ਇਹ ਜਾਣਕਾਰੀ ਦਿੰਦੇ ਹੋਏ ਹਰਮਨਬੀਰ ਸਿੰਘ ਗਿੱਲ ਸੀਨੀਅਰ ਪੁਲਿਸ ਕਪਤਾਨ ਮੋਗਾ ਨੇ ਦੱਸਿਆ ਕਿ ਹਰਮਨਜੀਤ ਸਿੰਘ ਉਰਫ਼ ਹਰਮਨ ਭਾਊ ਜੋ ਗਿਰੋਹ ਦਾ ਮੁੱਖ ਹਿੱਟਮੈਨ ਅਤੇ ਸਾਰਪ ਸ਼ੂਟਰ ਵੀ ਹੈ, ਇੱਕ ਬਦਨਾਮ ਗੈਂਗਸਟਰ ਹੈ। ਇਸ ਖਿਲਾਫ਼ 10 ਐਫਆਈਆਰਜ ਦਰਜ ਹਨ।  ਪੁਲਿਸ ਉਸ ਕੋਲੋਂ ਵੱਖ-ਵੱਖ ਮਾਮਲਿਆਂ ਵਿਚ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਵੱਲੋ ਹਥਿਆਰ ਪ੍ਰਾਪਤ ਕਰਨ ਵਾਲੇ ਸਰੋਤਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

ਹੁਣ ਤੱਕ ਪੰਚਕੂਲਾ ਤੋਂ ਬੰਦੂਕ ਦੀ ਨੋਕ ‘ਤੇ ਖੋਹੀ ਗਈ ਇਕ ਫਾਰਚੂਨਰ ਕਾਰ ਅਤੇ 12 ਬੋਰ ਦੀ ਬੰਦੂਕ ਜੋ ਉਸ ਨੇ ਕੋਟਕਪੂਰਾ ਦੇ ਹਸਪਤਾਲ ਦੇ ਇੱਕ ਗਾਰਡ ਕੋਲੋਂ ਖੋਹ ਲਈ ਸੀ, ਬਰਾਮਦ ਕੀਤੀ ਗਈ ਹੈ। ਅਗਲੇਰੀ ਪੁੱਛ-ਗਿੱਛ ਨਾਲ ਆਉਣ ਵਾਲੇ ਦਿਨਾਂ ਵਿਚ ਉਸ ਦੇ ਸਾਥੀਆਂ ਦੀ ਹੋਰ ਰਿਕਵਰੀ ਅਤੇ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।