ਪੀ.ਏ.ਯੂ. ਵਿੱਚ ਡਾਕੂਮੈਂਟਰੀ ਔਲਿਆਂ ਦਾ ਬਾਗ ਰਿਲੀਜ਼ ਕੀਤੀ ਗਈ
ਡਾ. ਗਿੱਲ ਨੇ ਡਾਕੂਮੈਂਟਰੀ ਬਨਾਉਣ ਵਾਲੇ ਸ੍ਰੀ ਹਰਪ੍ਰੀਤ ਸੰਧੂ ਦੀਆਂ ਕੋਸ਼ਿਸ਼ਾਂ ਲਈ ਪ੍ਰਸ਼ੰਸ਼ਾਂ ਦੇ ਸ਼ਬਦ ਕਹੇ ।
ਲੁਧਿਆਣਾ : ਅੱਜ ਪੀ.ਏ.ਯੂ. ਵਿੱਚ ਸ਼ਹਿਰ ਦੇ ਪ੍ਰਸਿੱਧ ਵਕੀਲ ਹਰਪ੍ਰੀਤ ਸੰਧੂ ਵੱਲੋਂ ਔਲਿਆਂ ਦੇ ਬਾਗ ਬਾਰੇ ਬਣਾਈ ਵਿਸ਼ੇਸ਼ ਡਾਕੂਮੈਂਟਰੀ ਆਨਲਾਈਨ ਰਿਲੀਜ਼ ਕੀਤੀ ਗਈ। ਇਸ ਡਾਕੂਮੈਂਟਰੀ ਨੂੰ ਰਿਲੀਜ਼ ਕਰਨ ਲਈ ਕਾਲਜ ਆਫ਼ ਹਾਰਟੀਕਲਚਰ ਐਂਡ ਫੌਰੈਸਟਰੀ ਦੇ ਡੀਨ ਡਾ. ਐਮ ਆਈ ਐਸ ਗਿੱਲ ਅਤੇ ਫ਼ਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਡਾਕੂਮੈਂਟਰੀ ਨੂੰ ਆਨਲਾਈਨ ਰਿਲੀਜ਼ ਕਰਦਿਆਂ ਡਾ. ਐਮ ਆਈ ਐਸ ਗਿੱਲ ਨੇ ਕਿਹਾ ਕਿ ਇਹ ਡਾਕੂਮੈਂਟਰੀ ਪੀ.ਏ.ਯੂ. ਨੇ ਬਾਗ ਬਾਰੇ ਕੀਤਾ ਗਿਆ ਬਿਹਤਰੀਨ ਕਾਰਜ ਹੈ। ਉਹਨਾਂ ਕਿਹਾ ਕਿ ਇਹ ਡਾਕੂਮੈਂਟਰੀ ਨਾ ਸਿਰਫ਼ ਬਾਗਬਾਨੀ ਅਤੇ ਫੌਰੈਸਟਰੀ ਕਾਲਜ ਦੇ ਇਸ ਬਾਗ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ ਬਲਕਿ ਇਸ ਨਾਲ ਸਮਾਜ ਵਿੱਚ ਔਲਿਆਂ ਬਾਰੇ ਹੋਰ ਦਿਲਚਸਪੀ ਪੈਦਾ ਹੋਵੇਗੀ ।
ਡਾ. ਗਿੱਲ ਨੇ ਡਾਕੂਮੈਂਟਰੀ ਬਨਾਉਣ ਵਾਲੇ ਸ੍ਰੀ ਹਰਪ੍ਰੀਤ ਸੰਧੂ ਦੀਆਂ ਕੋਸ਼ਿਸ਼ਾਂ ਲਈ ਪ੍ਰਸ਼ੰਸ਼ਾਂ ਦੇ ਸ਼ਬਦ ਕਹੇ । ਡਾਕੂਮੈਂਟਰੀ ਦੇ ਨਿਰਦੇਸ਼ਕ ਐਡਵੋਕੇਟ ਹਰਪ੍ਰੀਤ ਸੰਧੂ ਨੇ ਇਸ ਡਾਕੂਮੈਂਟਰੀ ਨੂੰ ਬਨਾਉਣ ਲਈ ਪੀ.ਏ.ਯੂ. ਅਤੇ ਵਿਸ਼ੇਸ਼ ਕਰਕੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਵੱਲੋਂ ਦਿੱਤੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ।
ਉਹਨਾਂ ਨੇ ਕਿਹਾ ਕਿ ਇਸ ਡਾਕੂਮੈਂਟਰੀ ਨਾਲ ਇਹ ਕਥਨ ਕਿ 'ਔਲਿਆਂ ਦਾ ਖਾਧਾ ਅਤੇ ਸਿਆਣਿਆਂ ਦਾ ਕਿਹਾ ਬਾਅਦ ਵਿੱਚ ਹੀ ਪਤਾ ਲੱਗਦਾ' ਸਾਰਥਕ ਸਿੱਧ ਹੋਵੇਗਾ । ਉਹਨਾਂ ਨੇ ਔਲਿਆਂ ਦੇ ਬਾਗ ਦੀ ਸਾਂਭ-ਸੰਭਾਲ ਲਈ ਕਾਲਜ ਦੇ ਡੀਨ ਡਾ. ਐਮ ਆਈ ਐਸ ਗਿੱਲ ਅਤੇ ਬਾਕੀ ਵਿਭਾਗ ਲਈ ਧੰਨਵਾਦ ਦੇ ਸ਼ਬਦ ਕਹੇ । ਫ਼ਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਨੇ ਇਸ ਡਾਕੂਮੈਂਟਰੀ ਬਨਾਉਣ ਪਿੱਛੇ ਕੰਮ ਕਰਦੀ ਭਾਵਨਾ ਦੀ ਤਾਰੀਫ ਕੀਤੀ ਅਤੇ ਇਸ ਡਾਕੂਮੈਂਟਰੀ ਨੂੰ ਇੱਕ ਵਿਲੱਖਣ ਮਹੱਤਵ ਵਾਲੀ ਕਲਾ ਕਿਰਤ ਕਿਹਾ । ਇਸ ਸਮੇਂ ਅਗਾਂਹਵਧੂ ਕਿਸਾਨ ਸ. ਅਵਤਾਰ ਸਿੰਘ ਢੀਂਡਸਾ ਵੀ ਹਾਜ਼ਰ ਸਨ ।