ਟਾਂਡਾ ਬਲਾਤਕਾਰ ਮਾਮਲੇ 'ਤੇ ਮੁੱਖ ਮੰਤਰੀ ਦਾ ਬਿਆਨ- ਦੋਸ਼ੀਆਂ ਨੂੰ ਮਿਲੇ ਮਿਸਾਲੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਨੇ ਘਟਨਾ ਨੂੰ ਦੱਸਿਆ ਬੇਹੱਦ ਦੁਖਦਾਈ ਅਤੇ ਹੈਰਾਨੀਜਨਕ 

Captain Amarinder Singh

ਟਾਂਡਾ: ਬੀਤੇ ਦਿਨੀਂ ਪਿੰਡ ਜਲਾਲਪੁਰ ਵਿਖੇ 6 ਸਾਲਾ ਮਾਸੂਮ ਬੱਚੀ ਨਾਲ ਦਰਿੰਦਗੀ ਕਰਨ ਮਗਰੋਂ ਉਸ ਨੂੰ ਜ਼ਿੰਦਾ ਸਾੜ ਕੇ ਕਤਲ ਕਰਨ ਦੇ ਮਾਮਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਹੱਦ ਦੁਖਦਾਈ ਅਤੇ ਹੈਰਾਨੀਜਨਕ ਦੱਸਿਆ ਹੈ।

ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੰਜਾਬ ਪੁਲਿਸ ਨੂੰ ਮਾਮਲੇ ਦੀ ਸਹੀ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਨੂੰ ਫਾਸਟ ਟਰਾਇਲ 'ਚ ਚਲਾਉਣ ਦੀ ਗੱਲ ਕਹੀ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਮਾਸੂਮ 6 ਸਾਲਾ ਬੱਚੀ ਨਾਲ ਦਰਿੰਦਗੀ ਭਰਪੂਰ ਕਾਰਾ ਕਰਨ ਮਗਰੋਂ ਉਸ ਨੂੰ ਜ਼ਿੰਦਾ ਸਾੜ ਕੇ ਕਤਲ ਕਰਨ ਵਾਲੇ ਦਾਦਾ-ਪੋਤਾ ਸੁਰਜੀਤ ਸਿੰਘ ਅਤੇ ਸੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹਨਾਂ ਦੋ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਰੇ ਪੁਸ਼ਟੀ ਕਰਦਿਆਂ ਡੀਐਸਪੀ ਟਾਂਡਾ ਦਲਜੀਤ ਸਿੰਘ ਨੇ ਦਸਿਆ ਕਿ ਖਾਣ ਵਾਲੀ ਚੀਜ਼ ਦਾ ਲਾਲਚ ਦੇ ਕੇ ਸੁਰਪ੍ਰੀਤ ਸਿੰਘ ਉਕਤ ਮਾਸੂਮ ਬੱਚੀ ਰੀਨਾ (ਕਾਲਪਨਿਕ ਨਾਮ) ਨੂੰ ਵਰਗਲਾ ਕੇ ਅਪਣੀ ਹਵੇਲੀ ਵਿਚ ਲੈ ਗਏ, ਜਿੱਥੇ ਪਹਿਲਾਂ ਉਕਤ ਲੜਕੇ ਨੇ ਇਸ ਮਾਸੂਮ ਬਾਲੜੀ ਨਾਲ ਨਾਲ ਦੁਸ਼ਕਰਮ ਕੀਤਾ ਅਤੇ ਇਸ ਮਗਰੋਂ ਉਸ ਨੇ ਲੜਕੀ ਨੂੰ ਬੋਰੀਆਂ ਵਿਚ ਬੰਦ ਕਰ ਕੇ ਜ਼ਿੰਦਾ ਸਾੜ ਦਿੱਤਾ।