ਇਸ ਮਹੀਨੇ ਪੰਜਾਬ ਵਿਚ ਕੋਰੋਨਾ ਕੇਸਾਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਜ਼ੇਟਿਵ ਕੇਸਾਂ ਦੀ ਗਿਣਤੀ 2000 ਤੋਂ ਘੱਟ ਕੇ 612 ਹੋਈ

corona case

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਅਤੇ ਮੌਤਾਂ ਦੀ ਗਿਣਤੀ ਦਾ ਅੰਕੜਿਆਂ ਵਿਚ ਇਸ ਮਹੀਨੇ ਦੌਰਾਨ ਤੇਜ਼ੀ ਨਾਲ ਗਿਰਾਵਟ ਆਈ ਹੈ। ਪਾਜ਼ੇਟਿਵ ਕੇਸਾਂ ਦੀ ਇਕੋ ਦਿਨ ਵਿਚ ਗਿਣਤੀ ਜਿਥੇ ਪਿਛਲੇ ਮਹੀਨਿਆਂ ਦੌਰਾਨ 2000 ਤੋਂ ਟੱਪ ਗਈ ਸੀ

ਤੇ ਮੌਤਾਂ ਦੀ ਗਿਣਤੀ ਵੀ 100 ਪ੍ਰਤੀ ਦਿਨ ਪਹੁੰਚ ਗਈ ਸੀ, ਹੁਣ ਕਾਫ਼ੀ ਥੱਲੇ ਆ ਚੁੱਕੀ ਹੈ। ਅੱਜ ਇਕ ਦਿਨ ਵਿਚ ਜਿਥੇ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 617 ਹੈ, ਉਥੇ ਮੌਤਾਂ ਦਾ ਅੰਕੜਾ 12 ਰਹਿ ਗਿਆ ਹੈ। ਅੱਜ ਤਕ ਕੁਲ ਪਾਜ਼ੇਟਿਵ ਕੇਸਾਂ ਦਾ ਅੰਕੜਾ 1,29,693 ਹੈ ਅਤੇ ਮੌਤਾਂ ਦੀ ਕੁਲ ਗਿਣਤੀ 4072 ਹੈ।

ਠੀਕ ਹੋਣ ਵਾਲੇ ਕੇਸਾਂ ਦੀ ਗਿਣਤੀ ਵੀ 1,21,155 ਤਕ ਪਹੁੰਚ ਗਈ ਹੈ। ਇਸ ਸਮੇਂ 4466 ਕੋਰੋਨਾ ਮਰੀਜ਼ ਇਲਾਜ ਅਧੀਨ ਹਨ। ਜਲੰਧਰ, ਮੋਹਾਲੀ ਤੇ ਬਠਿੰਡਾ ਜ਼ਿਲ੍ਹੇ ਵਿਚ ਜ਼ਿਆਦਾ ਕੇਸ ਆ ਰਹੇ ਹਨ

ਤੇ ਇਨ੍ਹਾਂ ਹੀ ਜ਼ਿਲ੍ਹਿਆਂ ਵਿਚ ਇਲਾਜ ਅਧੀਨ ਕੇਸਾਂ ਦੀ ਗਿਣਤੀ ਵੀ ਵੱਧ ਹੈ ਜਦਕਿ ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਜ਼ਿਲ੍ਹਿਆਂ ਵਿਚ ਪਾਜ਼ੇਟਿਵ ਕੇਸਾਂ ਦਾ ਅੰਕੜਾ ਹੁਣ ਕਾਫ਼ੀ ਥੱਲੇ ਆ ਰਿਹਾ ਹੈ। ਇਸ ਸਮੇਂ ਸੱਭ ਤੋਂ ਵੱਧ ਇਲਾਜ ਅਧੀਨ ਕੇਸ 537 ਜ਼ਿਲ੍ਹਾ ਮੋਹਾਲੀ ਵਿਚ ਹਨ ਅਤੇ ਇਸ ਤੋਂ ਬਾਅਦ ਜਲੰਧਰ ਵਿਚ 454 ਤੇ ਲੁਧਿਆਣਾ ਵਿਚ 381 ਹਨ।