ਸਾਰੀਆਂ ਖੇਤਰੀ ਭਾਸ਼ਾਵਾਂ ਨੂੰ  ਇਮਤਿਹਾਨਾਂ 'ਚ ਲਘੂ ਵਿਸ਼ਾ ਸ਼੍ਰੇਣੀ 'ਚ ਰਖਿਆ ਗਿਆ ਹੈ 

ਏਜੰਸੀ

ਖ਼ਬਰਾਂ, ਪੰਜਾਬ

ਸਾਰੀਆਂ ਖੇਤਰੀ ਭਾਸ਼ਾਵਾਂ ਨੂੰ  ਇਮਤਿਹਾਨਾਂ 'ਚ ਲਘੂ ਵਿਸ਼ਾ ਸ਼੍ਰੇਣੀ 'ਚ ਰਖਿਆ ਗਿਆ ਹੈ 

image


ਨਵੀਂ ਦਿੱਲੀ, 22 ਅਕਤੂਬਰ : ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀਬੀਐਸਈ) ਨੇ ਸ਼ੁਕਰਵਾਰ ਨੂੰ  ਸਾਫ਼ ਕੀਤਾ ਕਿ 10ਵੀਂ ਅਤੇ 12ਵੀਂ ਜਮਾਤ ਦੇ ਪਹਿਲੇ ਗੇੜ ਦੇ ਇਮਤਿਹਾਨਾਂ ਦੇ ਲਘੂ ਵਿਸ਼ਿਆਂ ਦੀ ਸ਼੍ਰੇਣੀ ਵਿਚ ਸਾਰੀਆਂ ਖੇਤਰੀ ਭਾਸ਼ਾਵਾਂ ਨੂੰ  ਰਖਿਆ ਗਿਆ ਹੈ | ਸੀਬੀਐਸਈ ਵਲੋਂ ਇਹ ਸਪੱਸ਼ਟੀਕਰਨ ਅਜਿਹੇ ਸਮੇਂ ਆਇਆ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਵਿਸ਼ਿਆਂ 'ਚੋਂ ਪੰਜਾਬੀ ਨੂੰ  ਬਾਹਰ ਰੱਖਣ 'ਤੇ ਇਤਰਾਜ਼ ਪ੍ਰਗਟਾਇਆ ਹੈ | 
  ਚੰਨੀ  ਨੇ ਟਵੀਟ ਕੀਤਾ ਸੀ,''ਮੈਂ ਪੰਜਾਬੀ ਨੂੰ  ਮੁੱਖ ਵਿਸ਼ਿਆਂ 'ਚੋਂ ਬਾਹਰ ਰੱਖਣ ਦੇ ਸੀਬੀਐਸਈ ਦੇ ਤਾਨਾਸ਼ਾਹੀ ਫ਼ੈਸਲੇ ਦਾ ਵਿਰੋਧ ਕਰਦਾ ਹਾਂ | ਇਹ ਸੰਵਿਧਾਨ ਦੀ ਸੰਘੀ ਭਾਵਨਾ ਵਿਰੁਧ ਹੈ ਅਤੇ ਪੰਜਾਬੀ ਨੌਜਵਾਨਾਂ ਨੂੰ  ਅਪਣੀ ਮਾਂ ਬੋਲੀ ਵਿਚ ਸਿੱਖਣ ਦੇ ਅਧਿਕਾਰ ਦਾ ਉਲੰਘਣ ਹੈ | ਮੈਂ ਪੰਜਾਬੀ ਨੂੰ  ਪੱਖਪਾਤਪੂਰਨ ਢੰਗ ਨਾਲ ਬਾਹਰ ਰੱਖਣ ਦੀ ਨਿੰਦਾ ਕਰਦਾ ਹਾਂ |'' ਇਸ 'ਤੇ ਪ੍ਰਤੀਕਰਮ ਦਿੰਦਿਆਂ ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਇਹ ਸਾਰੇ ਜਾਣਦੇ ਹਨ ਕਿ ਸੀਬੀਐਸਈ ਨੇ 10ਵੀਂ ਅਤੇ 12ਵੀਂ ਜਮਾਤ ਦੇ ਪਹਿਲੇ ਗੇੜ ਦੇ ਇਮਤਿਹਾਨਾਂ ਤਹਿਤ ਮੁੱਖ ਵਿਸ਼ਿਆਂ ਦੀਆਂ ਮਿਤੀਆਂ ਦਾ ਐਲਾਨ ਕੀਤਾ ਹੈ |'' ਉਨ੍ਹਾਂ ਕਿਹਾ,''ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਵਿਸ਼ਿਆਂ ਦਾ ਵਰਗੀਕਰਨ ਪ੍ਰਸ਼ਾਸਨਿਕ ਆਧਾਰ 'ਤੇ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਵਿਸ਼ਿਆਂ ਵਿਚ ਮੌਜੂਦ ਹੋਣ ਵਾਲੇ ਉਮੀਦਵਾਰਾਂ ਦੀ ਗਿਣਤੀ ਦੇ ਆਧਾਰ 'ਤੇ ਪਹਿਲੇ ਗੇੜ ਦੇ ਇਮਤਿਹਾਨ ਕਰਵਾਉਣਾ ਹੈ ਅਤੇ ਇਸ ਦਾ ਕਿਸੇ ਵੀ ਰੂਪ 'ਚ ਮੁੱਖ ਜਾਂ ਲਘੂ ਵਿਸ਼ਿਆਂ ਦੇ ਮਹੱਤਵ ਨਾਲ ਕੋਈ ਵੀ ਲੈਣ-ਦੇਣ ਨਹੀਂ ਹੈ |''
  ਉਨ੍ਹਾਂ ਕਿਹਾ ,''ਅਕਾਦਮਕ ਰੂਪ ਨਾਲ ਸਾਰੇ ਵਿਸ਼ੇ ਬਰਾਬਰ ਰੂਪ ਨਾਲ ਮਹੱਤਵਪੂਰਨ ਹਨ | ਪੰਜਾਬੀ ਖੇਤਰੀ ਭਾਸ਼ਾ ਤਹਿਤ ਪੇਸ਼ ਕੀਤੀ ਜਾਣ ਵਾਲੀ ਭਾਸ਼ਾ ਹੈ | ਸਾਰੀਆਂ ਖੇਤਰੀ ਭਾਸ਼ਾਵਾਂ ਨੂੰ  ਲਘੂ ਵਿਸ਼ਿਆਂ ਦੀ ਸ਼੍ਰੇਣੀ ਤਹਿਤ ਪ੍ਰਸ਼ਾਸਨਿਕ ਸੁਵਿਧਾ ਦੇ ਉਦੇਸ਼ ਨਾਲ ਰਖਿਆ ਗਿਆ ਹੈ, ਜੋ ਇਮਤਿਹਾਨਾਂ ਨਾਲ ਜੁੜੀਆਂ ਸੁਵਿਧਾਵਾਂ ਦੀ ਲੋੜ ਨੂੰ  ਪੂਰਾ ਕਰਨ ਲਈ ਹੈ |''