ਹੜ੍ਹ ਕਾਰਨ ਕਿਸ਼ਤੀ ’ਤੇ ਹਸਪਤਾਲ ਲਿਜਾਈ ਜਾ ਰਹੀ ਔਰਤ ਨੇ ਰਸਤੇ ’ਚ ਹੀ ਬੱਚੀ ਨੂੰ ਦਿਤਾ ਜਨਮ

ਏਜੰਸੀ

ਖ਼ਬਰਾਂ, ਪੰਜਾਬ

ਹੜ੍ਹ ਕਾਰਨ ਕਿਸ਼ਤੀ ’ਤੇ ਹਸਪਤਾਲ ਲਿਜਾਈ ਜਾ ਰਹੀ ਔਰਤ ਨੇ ਰਸਤੇ ’ਚ ਹੀ ਬੱਚੀ ਨੂੰ ਦਿਤਾ ਜਨਮ

image

ਬਹਿਰਾਈਚ, 22 ਅਕਤੂਬਰ : ਉਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ’ਚ ਮੋਹਲੇਧਾਰ ਮੀਂਹ ਕਾਰਨ ਹੜ੍ਹ ਵਰਗੇ ਹਾਲਤ ਹੋ ਗਏ ਹਨ। ਸੜਕਾਂ ’ਤੇ ਪਾਣੀ ਭਰਨ ਕਾਰਨ ਸਾਰੇ ਮਾਰਗ ਬੰਦ ਹੋ ਗਏ ਹਨ। ਜਿਸ ਕਾਰਨ ਇਕ ਗਰਭਵਤੀ ਔਰਤ ਨੂੰ ਕਿਸ਼ਤੀ ’ਤੇ ਹਸਪਤਾਲ ਲਿਜਾਇਆ ਜਾ ਰਿਹਾ ਸੀ ਅਤੇ ਉਸ ਨੇ ਰਾਹ ’ਚ ਹੀ ਬੱਚੀ ਨੂੰ ਜਨਮ ਦੇ ਦਿਤਾ। ਮਾਂ-ਬੱਚਾ ਦੋਵੇਂ ਸੁਰੱਖਿਅਤ ਅਤੇ ਸਿਹਤਮੰਦ ਹਨ। ਜ਼ਿਲ੍ਹਾ ਅਧਿਕਾਰੀ ਦਿਨੇਸ਼ ਚੰਦਰ ਸਿੰਘ ਨੇ ਡਿਲਿਵਰੀ ਕਰਵਾਉਣ ਵਾਲੀ ਸਿਹਤ ਕਰਮੀ ਸਤਿਆਵਤੀ ਨੂੰ ਇਨਾਮ ਵਜੋਂ ਨਕਦ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਹੈ। ਜ਼ਿਲ੍ਹਾ ਅਧਿਕਾਰੀ ਸਿੰਘ ਨੇ ਸ਼ੁਕਰਵਾਰ ਨੂੰ ਦਸਿਆ ਕਿ ਨੇਪਾਲ ਅਤੇ ਬਹਿਰਾਈਚ ’ਚ ਜ਼ਿਆਦਾ ਮੀਂਹ ਪੈਣ ਕਾਰਨ ਜ਼ਿਲ੍ਹੇ ’ਚ ਨਦੀਆਂ ’ਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਿਆ। ਇਸ ਕਾਰਨ ਜ਼ਿਲ੍ਹੇ ’ਚ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਸਨ।
  ਜ਼ਿਲ੍ਹਾ ਅਧਿਕਾਰੀ ਨੇ ਦਸਿਆ ਕਿ ਹਾਲਾਤ ਦਾ ਜਾਇਜ਼ਾ ਲੈਣ ਵੀਰਵਾਰ ਨੂੰ ਉਹ ਹੈੱਡ ਕੁਆਰਟਰ ਤੋਂ ਕਰੀਬ 100 ਕਿਲੋਮੀਟਰ ਦੂਰ ਸਥਿਤ ਨੇਪਾਲ ਸਰਹੱਦੀ ਸੁਜੌਲੀ ਸਿਹਤ ਕੇਂਦਰ ਪਹੁੰਚੇ ਸਨ। ਉਸੇ ਸਮੇਂ ਉੱਥੇ ਔਰਤ ਸਿਹਤ ਕਰਮੀ (ਏ.ਐਨ.ਐਮ.) ਸਤਿਆਵਤੀ ਇਕ ਔਰਤ ਅਤੇ ਉਸ ਦੀ ਨਵਜਨਮੀ ਬੱਚੀ ਲੈ ਕੇ ਪਹੁੰਚੀ। ਜ਼ਿਲ੍ਹਾ ਅਧਿਕਾਰੀ ਅਨੁਸਾਰ ਹੜ੍ਹ ਕਾਰਨ ਸੁਜੌਲੀ ਥਾਣਾ ਖੇਤਰ ਦੇ ਨੌਕਾਪੁਰਵਾ ਪਿੰਡ ’ਚ ਪਾਣੀ ਭਰਨ ਅਤੇ ਸਾਰੇ ਮਾਰਗ ਬੰਦ ਹੋਣ ਕਾਰਨ ਗਰਭਵਤੀ ਔਰਤ ਨੂੰ ਡਿਲਿਵਰੀ ਲਈ ਸੁਜੌਲੀ ਸਿਹਤ ਕੇਂਦਰ ਲਿਜਾਇਆ ਜਾ ਰਿਹਾ ਸੀ। ਕਿਸ਼ਤੀ ’ਤੇ ਸਤਿਆਵਤੀ ਵੀ ਸਵਾਰ ਸੀ। ਉਸ ਨੇ ਹੀ ਕਿਸ਼ਤੀ ਵਿਚ ਗਰਭਵਤੀ ਦੀ ਕਿਸ਼ਤੀ ’ਤੇ ਸੁਰੱਖਿਅਤ ਡਿਲਿਵਰੀ ਵੀ ਕਰਵਾ ਦਿਤੀ।     (ਏਜੰਸੀ)