ਮੰਤਰੀ ਕੁਲਦੀਪ ਧਾਲੀਵਾਲ ਨੇ ਹੈਰੀਟੇਜ ਸਟਰੀਟ ਅੰਮ੍ਰਿਤਸਰ ਦੇ ਸਫ਼ਾਈ ਅਭਿਆਨ ਦੀ ਕੀਤੀ ਸ਼ੁਰੂਆਤ

ਏਜੰਸੀ

ਖ਼ਬਰਾਂ, ਪੰਜਾਬ

ਉਨ੍ਹਾਂ ਆਪ ਸੜਕ 'ਤੇ ਖਿੱਲਰੇ ਕੂੜੇ ਨੂੰ ਚੁੱਕਿਆ ਅਤੇ ਲੋਕਾਂ ਨੂੰ ਸ਼ਹਿਰ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ।

Minister Kuldeep Dhaliwal started the cleaning campaign of Heritage Street Amritsar

 

ਅੰਮ੍ਰਿਤਸਰ -  ਸ੍ਰੀ ਅੰਮ੍ਰਿਤਸਰ ਸਾਹਿਬ ਦੀ ਵਿਸ਼ਵ ਪ੍ਰਸਿੱਧ ਦੀਵਾਲੀ ਮੌਕੇ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਵਾਲੀ ਸੰਗਤ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਕਤ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਅਤੇ ਜ਼ਿਲ੍ਹੇ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਮੁੱਖ ਰਸਤੇ ਦੀ ਸਫ਼ਾਈ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ, ਕਮਿਸ਼ਨਰ ਕਾਰਪੋਰੇਸ਼ਨ ਕੁਮਾਰ ਸੌਰਭ ਰਾਜ, ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ,  ਵਧੀਕ ਕਮਿਸ਼ਨਰ ਪਰਮਿੰਦਰ ਸਿੰਘ ਭੰਡਾਲ ਅਤੇ ਹੋਰ ਅਧਿਕਾਰੀ ਵੀ ਨਾਲ ਸਨ। ਉਨ੍ਹਾਂ ਆਪ ਸੜਕ 'ਤੇ ਖਿੱਲਰੇ ਕੂੜੇ ਨੂੰ ਚੁੱਕਿਆ ਅਤੇ ਲੋਕਾਂ ਨੂੰ ਸ਼ਹਿਰ ਦੀ ਸਫ਼ਾਈ ਰੱਖਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ  ਧਾਲੀਵਾਲ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਰੱਖਣੀ ਕੇਵਲ ਕਾਰਪੋਰੇਸ਼ਨ ਦੇ ਕਰਮਚਾਰੀਆਂ ਦਾ ਹੀ ਨਹੀਂ, ਬਲਕਿ ਸਾਡਾ ਸਾਰਿਆਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਆਪਾਂ ਸਾਰੇ ਆਪਣੇ ਕੂੜੇ ਨੂੰ ਕੂੜਾਜਾਨ ਵਿਚ ਸੁੱਟੀਏ ਤਾਂ ਇੰਨਾ ਦਾ ਕੰਮ ਅਸਾਨ ਹੋਵੇਗਾ ਅਤੇ ਸ਼ਹਿਰ ਵੀ ਸਾਫ਼ ਰਹੇਗਾ। ਉਨ੍ਹਾਂ ਕਿਹਾ ਕਿ ਇਸ ਗਲੀ ਵਿਚ ਕੋਈ ਰੇਹੜੀ ਫੜੀ ਨਹੀਂ ਲੱਗਣ ਦਿੱਤੀ ਜਾਵੇਗੀ।

ਜੀ -20 ਸੰਮੇਲਨ ਦਾ ਹਵਾਲਾ ਦਿੰਦੇ ਹੋਏ ਧਾਲੀਵਾਲ ਨੇ ਕਿਹਾ ਕਿ ਇਸ ਸੰਮੇਲਨ ਲਈ ਅਸੀਂ ਸਫ਼ਾਈ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਹਨ, ਪਰ ਇਨ੍ਹਾਂ ਦਾ ਸਹੀ ਲਾਭ ਤਾਂ ਹੀ ਮਿਲ ਸਕਦਾ ਹੈ ਜੇਕਰ ਸ਼ਹਿਰ ਵਾਸੀ ਸਫ਼ਾਈ ਦਾ ਖ਼ੁਦ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਟਰੈਫਿਕ ਦੇ ਪ੍ਰਬੰਧ ਵੀ ਸੁਚਾਰੂ ਢੰਗ ਨਾਲ ਕਰਨ ਲਈ ਅਸੀਂ ਯੋਜਨਾ ਬੰਦੀ ਉਲੀਕ ਰਹੇ ਹਾਂ ਅਤੇ ਜਿਉਂ ਹੀ ਪਾਰਕਿੰਗ ਸਥਾਨ ਬਣ ਗਏ, ਅਸੀਂ ਗ਼ਲਤ ਢੰਗ ਨਾਲ ਸੜਕ ਕਿਨਾਰੇ ਵਾਹਨ ਲੱਗਣ ਦੀ ਆਗਿਆ ਨਹੀਂ ਦਿਆਂਗੇ।