ਪੰਜਾਬ: ਭਾਰਤ-ਪਾਕਿਸਤਾਨ ਸਰਹੱਦ ਨੇੜੇ ਡਰੋਨ ਗਤੀਵਿਧੀਆਂ ਸੁਰੱਖਿਆ ਬਲਾਂ ਲਈ ਬਣੀਆਂ ਚੁਣੌਤੀ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਦਾ ਪਹਿਲਾ ਮਾਮਲਾ 2019 ਵਿਚ ਸਾਹਮਣੇ ਆਇਆ ਸੀ।

Punjab: Drone activities near the India-Pakistan border pose a challenge to the security forces

 


ਚੰਡੀਗੜ੍ਹ - ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਕਈ ਥਾਵਾਂ ਤੋਂ ਸੁਰੱਖਿਆ ਏਜੰਸੀਆਂ ਨੂੰ ਇਸ ਸਾਲ ਡਰੋਨਾਂ ਰਾਹੀਂ 150 ਤੋਂ ਵੱਧ ਨਸ਼ੀਲੇ ਪਦਾਰਥ, ਹਥਿਆਰ ਅਤੇ ਗੋਲਾ ਬਾਰੂਦ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿਚ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਦਾ ਪਹਿਲਾ ਮਾਮਲਾ 2019 ਵਿਚ ਸਾਹਮਣੇ ਆਇਆ ਸੀ।

ਉਨ੍ਹਾਂ ਕਿਹਾ ਕਿ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.), ਜੋ ਕਿ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਦੀ ਰਾਖੀ ਕਰ ਰਹੀ ਹੈ, ਉਸ ਨੇ ਇਸ ਸਾਲ 10 ਡਰੋਨਾਂ ਨੂੰ ਡੇਗਿਆ, ਜਿਨ੍ਹਾਂ 'ਚੋਂ ਤਿੰਨ ਨੂੰ ਪਿਛਲੇ ਹਫ਼ਤੇ ਡੇਗਿਆ ਗਿਆ। ਇਸ ਤੋਂ ਇਲਾਵਾ ਕਈ ਡਰੋਨਾਂ ਦੀ ਘੁਸਪੈਠ ਨੂੰ ਨਾਕਾਮ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ "ਹੁਣ ਤੱਕ, 150 ਤੋਂ ਵੱਧ ਡਰੋਨ ਗਤੀਵਿਧੀਆਂ ਦਾ ਪਤਾ ਲਗਾਇਆ ਗਿਆ ਹੈ।"

ਉਨ੍ਹਾਂ ਕਿਹਾ ਕਿ 14 ਅਕਤੂਬਰ ਨੂੰ ਅੰਮ੍ਰਿਤਸਰ ਦੇ ਸ਼ਾਹਪੁਰ ਸਰਹੱਦੀ ਚੌਕੀ ਨੇੜੇ ਇਕ ਡਰੋਨ ਨੂੰ ਡੇਗਿਆ ਗਿਆ ਸੀ ਅਤੇ 16 ਅਤੇ 17 ਅਕਤੂਬਰ ਨੂੰ ਅੰਮ੍ਰਿਤਸਰ ਸੈਕਟਰ ਵਿਚ ਦੋ ਡਰੋਨ ਡੇਗੇ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦੀ ਹਮਾਇਤ ਪ੍ਰਾਪਤ ਤਸਕਰ ਚੀਨੀ ਡਰੋਨਾਂ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ਦੀ ਆਵਾਜ਼ ਬਹੁਤ ਘੱਟ ਹੈ ਅਤੇ ਉਹ ਬਹੁਤ ਉੱਚੀ ਉਡਾਣ ਭਰ ਸਕਦੇ ਹਨ। ਉਨ੍ਹਾਂ ਕਿਹਾ ਕਿ 14 ਅਕਤੂਬਰ ਨੂੰ ਜਿਸ ਡਰੋਨ ਨੂੰ ਮਾਰਿਆ ਗਿਆ, ਉਹ ਕਵਾਡਕਾਪਟਰ (ਡੀਜੇਆਈ ਮੈਟ੍ਰਿਕਸ) ਸੀ।

ਉਨ੍ਹਾਂ ਕਿਹਾ ਕਿ ਜ਼ਿਆਦਾਤਰ ਡਰੋਨ ਗਤੀਵਿਧੀਆਂ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਖੇਤਰਾਂ ਵਿਚ ਕੇਂਦਰਿਤ ਹਨ। ਹਾਲਾਂਕਿ ਫਿਰੋਜ਼ਪੁਰ ਅਤੇ ਗੁਰਦਾਸਪੁਰ ਖੇਤਰਾਂ ਵਿਚ ਵੀ ਡਰੋਨ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ। ਫੋਰਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਬੀਐਸਐਫ ਨੇ ਪੰਜਾਬ ਪੁਲਿਸ ਨਾਲ ਤਾਲਮੇਲ ਕਰਕੇ ਤਰਨਤਾਰਨ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਪਿਛਲੇ ਮਹੀਨੇ, ਬੀਐਸਐਫ ਨੇ ਅੰਤਰਰਾਸ਼ਟਰੀ ਸਰਹੱਦ ਨੇੜੇ ਪਾਕਿਸਤਾਨ ਤੋਂ ਤਸਕਰੀ ਕੀਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਇਕੱਠਾ ਕਰਨ ਲਈ ਆ ਰਹੇ ਭਾਰਤੀ ਤਸਕਰਾਂ ਨੂੰ ਗੋਲੀ ਮਾਰਨ ਦਾ ਫ਼ੈਸਲਾ ਕੀਤਾ ਸੀ। ਬੀਐਸਐਫ ਅਧਿਕਾਰੀ ਨੇ ਕਿਹਾ, "ਜੇਕਰ ਕੋਈ ਤਸਕਰ ਖੇਪ ਇਕੱਠਾ ਕਰਨ ਜਾਂ ਹਮਲਾ ਕਰਨ ਲਈ ਆਉਂਦਾ ਹੈ, ਤਾਂ ਕਾਨੂੰਨ ਸਾਨੂੰ ਤਸਕਰ 'ਤੇ ਗੋਲੀ ਚਲਾਉਣ ਦੀ ਇਜਾਜ਼ਤ ਦਿੰਦਾ ਹੈ।"

ਫੋਰਸ ਨੇ ਭਾਰਤੀ ਖੇਤਰ ਵਿਚ ਦਾਖਲ ਹੋਣ ਵਾਲੇ ਡਰੋਨਾਂ ਨੂੰ ਡੇਗਣ ਲਈ ਆਪਣੇ ਕਰਮਚਾਰੀਆਂ ਨੂੰ ਇਨਾਮ ਦੇਣ ਦਾ ਵੀ ਫੈਸਲਾ ਕੀਤਾ ਹੈ। ਇਸ ਸਾਲ ਅਪ੍ਰੈਲ ਵਿਚ, ਬੀਐਸਐਫ਼ ਨੇ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ, ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਲਈ ਡਰੋਨ ਦੀ ਵਰਤੋਂ ਕਰਨ ਦੀ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।