ਦੀਵਾਲੀ ਤੋਂ ਪਹਿਲਾਂ ਬਿਜਲੀ ਦਾ ਬਿੱਲ ਦੇਖ ਪੂਰੇ ਟੱਬਰ ਨੂੰ ਲੱਗਿਆ ਝਟਕਾ, ਜਾਣੋ ਕਿੰਨਾ ਆਇਆ ਬਿੱਲ
ਘਰੇਲੂ ਖ਼ਪਤਕਾਰ ਨੂੰ ਆਇਆ 3 ਲੱਖ 28 ਹਜ਼ਾਰ ਰੁਪਏ ਬਿਜਲੀ ਦਾ ਬਿੱਲ
ਲੁਧਿਆਣਾ: ਦੀਵਾਲੀ ਤੋਂ ਸਿਰਫ਼ 3 ਦਿਨ ਪਹਿਲਾਂ ਇਕ ਘਰੇਲੂ ਖ਼ਪਤਕਾਰ ਨੂੰ ਬਿਜਲੀ ਦਾ ਬਿੱਲ 3 ਲੱਖ 28 ਹਜ਼ਾਰ ਰੁਪਏ ਮਿਲਣ ਨਾਲ ਕਰੰਟ ਵਰਗਾ ਝਟਕਾ ਲੱਗਾ ਹੈ। ਸਥਾਨਕ ਜੀਨਤ ਕਾਲੋਨੀ ਦੇ ਰਹਿਣ ਵਾਲੇ ਅਵਿਨਾਸ਼ ਨਾਗਪਾਲ ਨੇ ਦੱਸਿਆ ਕਿ ਉਨ੍ਹਾਂ ਘਾ ਘਰ ਸਿਰਫ 100 ਗਜ਼ 'ਚ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲੱਖਾਂ ਰੁਪਏ ਬਿਜਲੀ ਬਿੱਲ ਆਉਣ ਨਾਲ ਉਨ੍ਹਾਂ ਦੇ ਸਮੇਤ ਘਰ ਦੇ ਸਾਰੇ ਮੈਂਬਰਾਂ ਦੇ ਹੋਸ਼ ਉੱਡ ਗਏ ਕਿਉਂਕਿ ਰੁਟੀਨ 'ਚ ਉਨ੍ਹਾਂ ਦੇ ਘਰ ਦਾ ਬਿਜਲੀ ਬਿੱਲ 6000 ਤੋਂ 7500 ਰੁਪਏ 'ਚ ਆਉਂਦਾ ਹੈ।
ਇਸ ਵਾਰ ਪਾਵਰਕਾਮ ਨੇ ਲੱਖਾਂ ਰੁਪਏ ਦਾ ਬਿਜਲੀ ਬਿੱਲ ਭੇਜ ਕੇ ਹੈਰਾਨ ਤੇ ਪਰੇਸ਼ਾਨ ਹੀ ਕਰ ਦਿੱਤਾ ਹੈ। ਉਹ ਇਨ੍ਹਾਂ ਹਾਲਾਤ 'ਚ ਦੀਵਾਲੀ ਦਾ ਤਿਉਹਾਰ ਕਿਵੇਂ ਮਨਾਉਣ।
ਉਨ੍ਹਾਂ ਦੇ ਮਨ ’ਤੇ ਤਾਂ ਬੋਝ ਪੈ ਗਿਆ ਹੈ ਕਿ ਜੇਕਰ ਪਾਵਰਕਾਮ ਨੇ ਉਨ੍ਹਾਂ ਦਾ ਬਿੱਲ ਦਰੁਸਤ ਨਾ ਕੀਤਾ ਤਾਂ ਫਿਰ ਉਹ ਕੀ ਕਰਨਗੇ। ਨਾਗਪਾਲ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਬਿਜਲੀ ਦਾ ਬਿੱਲ ਦਰੁੱਸਤ ਕੀਤਾ ਜਾਵੇ ਤਾਂਕਿ ਉਹ ਸਮੇਂ ’ਤੇ ਅਦਾਇਗੀ ਕਰਕੇ ਜੁਰਮਾਨੇ ਤੋਂ ਬਚ ਸਕੇ।