ਬਰਖ਼ਾਸਤ ਏ.ਆਈ.ਜੀ ਰਾਜਜੀਤ ਸਿੰਘ ਜ਼ਮਾਨਤ ਰੱਦ ਹੋਣ ਮਗਰੋਂ ਮੁੜ ਰੂਪੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਵਲੋਂ ਐਸ.ਟੀ.ਐਫ਼ ਸਾਹਮਣੇ ਲਗਾਤਾਰ 10 ਦਿਨ ਜਾਂਚ ’ਚ ਸ਼ਾਮਲ ਹੋਣ ਦਾ ਸੀ ਹੁਕਮ

AIG Rajjit Singh

ਐਸ.ਏ.ਐਸ. ਨਗਰ (ਜਸਬੀਰ ਸਿੰਘ ਜੱਸੀ) : ਡਰੱਗ ਤਸਕਰੀ ਕੇਸ ’ਚ ਬਰਖ਼ਾਸਤ ਏ.ਆਈ.ਜੀ ਰਾਜਜੀਤ ਸਿੰਘ ਹੁੰਦਲ ਮੁੜ ਰੂਪੋਸ਼ ਹੋ ਗਿਆ ਹੈ। ਵਿਜੀਲੈਂਸ ਦੀਆਂ ਟੀਮਾਂ ਉਸ ਦੀ ਭਾਲ ਕਰ ਰਹੀਆਂ ਹਨ। ਕਰੀਬ ਛੇ ਮਹੀਨੇ ਬਾਅਦ ਬੀਤੇ ਸ਼ੁਕਰਵਾਰ ਨੂੰ ਰਾਜਜੀਤ ਸਿੰਘ ਅਦਾਲਤ ਦੇ ਹੁਕਮਾਂ ਮੁਤਾਬਕ ਐਸ.ਟੀ.ਐਫ਼ ਦੀ ਵਿਸ਼ੇਸ਼ ਜਾਂਚ ਟੀਮ ਕੋਲ ਫੇਜ਼ 4 ਮੁਹਾਲੀ ਵਿਖੇ ਜਾਂਚ ’ਚ ਸ਼ਾਮਲ ਹੋਣ ਲਈ ਪੁੱਜਾ ਸੀ।

ਰਾਜਜੀਤ ਸਿੰਘ ਜਾਂਚ ਟੀਮ ਸਾਹਮਣੇ ਉਸ ਸਮੇਂ ਆਇਆ ਸੀ ਜਦੋਂ ਉਸ ’ਤੇ ਦਰਜ ਤਿੰਨ ਕੇਸਾਂ ’ਚ ਉਸ ਨੂੰ ਰਾਹਤ ਮਿਲ ਗਈ। ਪਰ ਵਿਜੀਲੈਂਸ ਬਿਊਰੋ ਵਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਜਜੀਤ ਸਿੰਘ ਦੀ ਜ਼ਮਾਨਤ ਅਰਜ਼ੀ ਸ਼ੁਕਰਵਾਰ ਦੀ ਸ਼ਾਮ ਨੂੰ ਰੱਦ ਕਰ ਦਿਤੀ। 

ਐਸ.ਆਈ.ਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ ਰਾਜਜੀਤ ਸਿੰਘ ਮੁੜ ਰੂਪੋਸ਼ ਹੋ ਗਿਆ, ਜਦੋਂ ਕਿ ਉਸੇ ਸ਼ਾਮ ਵਿਜੀਲੈਂਸ ਦੀ ਟੀਮ ਵਲੋਂ ਰਾਜਜੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਉਸ ਦੇ ਸੈਕਟਰ 69 ਵਿਚਲੇ ਘਰ ਵਿਚ ਛਾਪੇਮਾਰੀ ਕੀਤੀ ਪ੍ਰੰਤੂ ਪਤਾ ਚਲਿਆ ਕਿ ਰਾਜਜੀਤ ਸਿੰਘ ਘਰ ਪਹੁੰਚਿਆ ਹੀ ਨਹੀਂ, ਐਨਾ ਹੀ ਨਹੀਂ ਰਾਜਜੀਤ ਸਿੰਘ ਨੇ ਅਪਣਾ ਮੋਬਾਈਲ ਫ਼ੋਨ ਵੀ ਬੰਦ ਕਰ ਲਿਆ ਹੈ।

ਉਧਰ ਐਸ.ਟੀ.ਐਫ਼ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਰਾਜਜੀਤ ਸਿੰਘ ਨੇ ਉਸ ਵਿਰੁਧ ਦੋ ਵੱਖ ਵੱਖ ਦਰਜ ਐਫ਼.ਆਈ.ਆਰਜ਼ ਵਿਚ ਲਗਾਤਾਰ 10 ਦਿਨ ਤਕ ਸਵੇਰੇ 10 ਵਜੇ ਤੋਂ 1 ਵਜੇ ਅਤੇ 3 ਵਜੇ ਤੋਂ ਸ਼ਾਮ 5 ਵਜੇ ਤਕ ਜਾਂਚ ਵਿਚ ਸ਼ਾਮਲ ਹੋਣਾ ਹੈ ਪ੍ਰੰਤੂ ਸ਼ੁਕਰਵਾਰ ਤੋਂ ਬਾਅਦ ਰਾਜਜੀਤ ਸਿੰਘ ਜਾਂਚ ’ਚ ਸ਼ਾਮਲ ਹੋਣ ਲਈ ਨਹੀਂ ਆਇਆ। ਉਨ੍ਹਾਂ ਕਿਹਾ ਕਿ ਉਹ ਸੋਮਵਾਰ ਨੂੰ ਰਾਜਜੀਤ ਸਿੰਘ ਨੂੰ ਜਾਂਚ ਵਿਚ ਸ਼ਾਮਲ ਹੋਣ ਲਈ ਲਿਖਤੀ ਨੋਟਿਸ ਭੇਜਣ ਜਾ ਰਹੇ ਹਨ। 

ਜਾਣਕਾਰੀ ਅਨੁਸਾਰ ਰਾਜਜੀਤ ਸਿੰਘ ਦਾ ਵਿਵਾਦਾਂ ਨਾਲ ਪੁਰਾਣਾ ਨਾਤਾ ਰਿਹਾ ਹੈ, ਉਹ 2013 ’ਚ ਸੁਰਖ਼ੀਆਂ ’ਚ ਆਇਆ ਸੀ। ਉਸ ਨੇ ਖ਼ੁਦ ਨੂੰ ਅਤਿਵਾਦੀਆਂ ਵਲੋਂ ਮਾਰਨ ਦਾ ਮੌਤ ਦਾ ਸਰਟੀਫ਼ੀਕੇਟ ਬਣਵਾ ਲਿਆ। 2013 ’ਚ ਉਸ ਨੇ ਅਪਣੀ ਬੇਟੀ ਨੂੰ ਐਮ.ਬੀ.ਬੀ.ਐਸ ’ਚ ਦਾਖ਼ਲਾ ਦਿਵਾਉਣ ਲਈ ਉਕਤ ਸਰਟੀਫ਼ੀਕੇਟ ਬਣਵਾਇਆ ਸੀ ਹਾਲਾਂਕਿ ਮਾਮਲਾ ਖੁਲ੍ਹ ਗਿਆ, ਜਿਸ ਕਾਰਨ ਉਸ ਦੀ ਬੇਟੀ ਨੂੰ ਸੀਟ ਨਹੀਂ ਮਿਲੀ। ਰਾਜਜੀਤ ਸਿੰਘ ਵਿਰੁਧ ਇਸ ਸਮੇਂ ਨਸ਼ਾ ਤਸਕਰੀ, ਨਸ਼ਾ ਤਸਕਰੀ ’ਚ ਸ਼ਾਮਲ ਲੋਕਾਂ ਨੂੰ ਫ਼ਿਰੌਤੀ ਲੈ ਕੇ ਛੱਡਣ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਕੁਲ ਤਿਨ ਮਾਮਲੇ ਦਰਜ ਹਨ।