ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਪਰਮਿੰਦਰ ਸਿੰਘ ਢੀਂਡਸਾ ਦਾ ਵੱਡਾ ਬਿਆਨ
"ਵਲਟੋਹਾ ਨੇ ਜਥੇਦਾਰ ਉੱਤੇ ਸਵਾਲ ਚੁੱਕੇ ਸਨ ਉਦੋਂ ਅਕਾਲੀ ਦਲ ਕਿਉਂ ਨਹੀਂ ਬੋਲਿਆ ਕਿਉਂਕਿ ਸਾਰਾ ਕੁਝ ਅਕਾਲੀ ਦਲ ਦੇ ਇਸ਼ਾਰੇ ਉੱਤੇ ਹੋਇਆ"
ਚੰਡੀਗੜ੍ਹ: ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਜੁੜੇ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰੈਸ ਵਾਰਤਾ ਕਰਕੇ ਸੁਖਬੀਰ ਬਾਦਲ ਉੱਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹ ਹੈ ਕਿ ਅਕਾਲੀ ਦਲ ਬੁਖਲਾਹਟ ਵਿੱਚ ਬਿਆਨਬਾਜ਼ੀ ਕਰ ਰਿਹਾ ਹੈ। ਅਕਾਲੀ ਦਲ ਦੇ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਉੱਪਰ ਲਾਏ ਦੋਸ਼ਾਂ ਨੂੰ ਬਾਦਲ ਦਲ ਦੇ ਆਗੂਆਂ ਦੀ ਬੁਖਲਾਹਟ ਦਾ ਨਤੀਜਾ ਦੱਸਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਪਰਿਵਾਰ ਦੀ ਇਹ ਪੁਰਾਣੀ ਆਦਤ ਹੈ ਕਿ ਜੇਕਰ ਕੋਈ ਮੁੱਦਾ ਨਾ ਹੋਵੇ ਤਾਂ ਭਾਜਪਾ, ਕਾਂਗਰਸ, ਆਰ ਐਸ ਐਸ ਜਾਂ ਸਰਕਾਰ ਨਾਲ ਮਿਲੇ ਹੋਣ ਦੇ ਦੋਸ਼ ਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਝੂਠ ਬੋਲਣ ਵਾਲੇ ਲੋਕਾਂ ਨੂੰ ਸਮਝ ਲੱਗ ਗਈ ਹੈ ਕਿ ਸ਼੍ਰੋਮਣੀ ਕਮੇਟੀ ਚੋਣ ਹੁਣ ਅਕਾਲ ਤਖ਼ਤ ਦੇ ਵਿਰੋਧੀਆਂ ਅਤੇ ਅਕਾਲ ਤਖ਼ਤ ਦੇ ਹਮਾਇਤੀਆਂ ਵਿਚਕਾਰ ਬਣ ਚੁੱਕੀ ਹੈ। ਅਕਾਲੀ ਦਲ ਬਾਦਲ ਦਾ ਪੰਥਕ ਝੂਠਾ ਖ਼ਾਸਾ ਜੱਗ ਜ਼ਾਹਰ ਹੋ ਗਿਆ ਹੈ।
ਢੀਂਡਸਾ ਨੇ ਕਿਹਾ ਕਿ ਬਾਦਲ ਦਲ ਦੇ ਆਗੂਆਂ ਦਾ ਇਹ ਝੂਠ ਵੀ ਫੜਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਭਾਜਪਾ ਤੇ ਆਪ ਸਰਕਾਰ ਦੇ ਨੁਮਾਇੰਦੇ ਫੋਨ ਕਰ ਰਹੇ ਹਨ। ਬਾਦਲ ਦਲ ਦੇ ਆਗੂ ਅਜਿਹਾ ਇੱਕ ਵੀ ਨਾਮ ਜਾਂ ਫ਼ੋਨ ਨੰਬਰ ਸਾਬਤ ਨਹੀਂ ਕਰ ਸਕੇ। ਢੀਂਡਸਾ ਨੇ ਉਲਟਾ ਦੋਸ਼ ਲਾਇਆ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਇਹ ਕਹਿਣਾ ਕਿ ਆਰ ਐਸ ਐਸ ਜਾਂ ਸਰਕਾਰ ਦੇ ਪ੍ਰਭਾਵ ਹੇਠ ਹਨ ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਦੇ ਰੁਤਬੇ ਨੂੰ ਢਾਹ ਲਾਉਣ ਦੇ ਤੁੱਲ ਹੈ। ਸ਼੍ਰੋਮਣੀ ਕਮੇਟੀ ਮੈਂਬਰ ਹਮੇਸ਼ਾਂ ਪੰਥਕ ਸੋਚ ਨਾਲ ਖੜ੍ਹੇ ਹਨ ਤੇ ਖੜੇ ਰਹਿਣਗੇ। ਬਾਦਲ ਦਲ ਦੇ ਆਗੂਆਂ ਨੇ ਅਜਿਹੇ ਹੀ ਦੋਸ਼ ਸਿੰਘ ਸਾਹਿਬਾਨ ਉੱਪਰ ਵੀ ਲਾ ਚੁੱਕੇ ਹਨ ਜਿਸ ਕਰਕੇ ਸਮੁੱਚੇ ਸਿੱਖ ਜਗਤ ਅੰਦਰ ਵਿਆਪਕ ਰੋਸ ਅਜੇ ਵੀ ਹੈ। ਢੀਂਡਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਅੰਦਰ ਹਾਰ ਯਕੀਨੀ ਨਜ਼ਰ ਆਂਉਦੀ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਝੂਠ ਦਾ ਸਹਾਰਾ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਸਾਰੇ ਰਾਹ ਬੰਦ ਹੋ ਗਏ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਸਾਡਾ ਏਜੰਡਾ ਹੈ ਕਿ ਸ੍ਰੋਮਣੀ ਕਮੇਟੀ ਨੂੰ ਬਚਾਇਆ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਗੁਰਬਾਣੀ ਦਾ ਪਸਾਰਣ ਸ੍ਰੋਮਣੀ ਕਮੇਟੀ ਖੁਦ ਕਰੇ।ਉਨ੍ਹਾਂ ਨੇ ਕਿਹਾ ਹੈ ਕਿ ਹਰ ਨਿਯੁਕਤੀ ਨਿਰਪੱਖ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਿੱਖ ਸੰਸਥਾਵਾਂ ਨੂੰ ਬਚਾਉਣਾ ਚਾਹੁੰਦੇ ਹਨ ਜਾਂ ਨੁਕਸਾਨ ਕਰਨਾ। ਉਨ੍ਹਾਂ ਨੇ ਕਿਹਾ ਹੈ ਕਿ ਇਕ ਪਾਸੇ ਤਨਖਾਹੀਆ ਕਰਾਰ ਹੈ ਅਤੇ ਇਕ ਪਾਸੇ ਪੰਥ ਹੈ।ਉਨ੍ਹਾਂ ਨੇ ਕਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਸੀ ਵਲਟੋਹਾ ਨੂੰ ਪਾਰਟੀ ਵਿਚੋ ਕੱਢਣਾ ਹੈ ਪਰ ਅਕਾਲੀ ਦਲ ਨੇ ਅਸਤੀਫ਼ਾ ਮਨਜੂਰ ਕੀਤਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਹਲੇ ਤੱਕ ਟੀਵੀ ਚੈਨਲ ਨਹੀਂ ਬਣਾਇਆ ।ਗੁਰਬਾਣੀ ਦਾ ਪਸਾਰਣ ਇਕ ਪਰਿਵਾਰ ਕੋਲ ਹੈ ਅਤੇ ਉਹੀ ਇਸ ਦੇ ਪੈਸੇ ਖਾ ਰਹੇ ਹਨ।ਇਸ ਮੌਕੇ ਸੁਧਾਰ ਲਹਿਰ ਦੇ ਬੁਲਾਰੇ ਤੇਜਾ ਸਿੰਘ ਕਮਾਲਪੁਰ ਨੇ ਮੀਰੀ ਪੀਰੀ ਦੇ ਸਿਧਾਂਤ ਉਪਰ ਬੋਲਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਬਹੁਗਿਣਤੀ ਮੈਂਬਰਾਂ ਨੇ ਉਮੀਦਵਾਰ ਬਣਾਇਆ ਹੈ ਇਸ ਕਰਕੇ ਉਸਦੀ ਜਿੱਤ ਯਕੀਨੀ ਹੈ ਕਿਉਂਕਿ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤੇ ਪ੍ਰਧਾਨ ਵਲੋਂ ਲਿਆਂਦੇ ਉਮੀਦਵਾਰ ਨੂੰ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਵੋਟ ਨਹੀਂ ਪਾ ਸਕਦਾ। ਉਨ੍ਹਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਵੀ ਸਲਾਹ ਦਿੰਦਿਆਂ ਕਿਹਾ ਕਿ ਜਿਸ ਪਾਰਟੀ ਦਾ ਪ੍ਰਧਾਨ ਤਨਖਾਹੀਆ ਹੋਵੇ ਉਸ ਦਾ ਉਮੀਦਵਾਰ ਨਹੀਂ ਬਣਨਾ ਚਾਹੀਦਾ ਕਿਉਂਕਿ ਅਜਿਹੇ ਉਮੀਦਵਾਰ ਨੂੰ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਵੋਟ ਨਹੀਂ ਪਾ ਸਕਣਾ।