ਭਾਰਤ-ਪਾਕਿ ਸਰਹੱਦ ਕੋਲ ਮਿਲੀ 40 ਮੀਟਰ ਲੰਮੀ ਸੁਰੰਗ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ-ਪਾਕਿ ਸਰਹੱਦ ਕੋਲ ਮਿਲੀ 40 ਮੀਟਰ ਲੰਮੀ ਸੁਰੰਗ

image

ਸ੍ਰੀਨਗਰ, 22 ਨਵੰਬਰ : ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲੇ ਵਿਚ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨਾਲ ਲਗਭਗ 30 ਤੋਂ 40 ਮੀਟਰ ਲੰਮੀ ਸੁਰੰਗ ਮਿਲੀ ਹੈ। ਬੀਐਸਐਫ ਦੇ ਜਵਾਨਾਂ ਨੇ ਗਸ਼ਤ ਦੌਰਾਨ ਇਸ ਨੂੰ ਦੇਖਿਆ. ਜੰਮੂ ਬੀਐਸਐਫ ਦੇ ਆਈਜੀ ਐਨਐਸ ਜਾਮਵਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ 'ਤੇ ਅਜਿਹੀ ਸੁਰੰਗ ਦਾ ਪਤਾ ਲਗਣ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਪਾਕਿਸਤਾਨੀ ਫ਼ੌਜ ਅਤਿਵਾਦੀਆਂ ਦੀ ਮਦਦ ਕਰ ਰਹੀ ਹੈ।
ਜਾਮਵਾਲ ਨੇ ਦਸਿਆ ਕਿ ਨਗਰੋਟਾ ਮੁਕਾਬਲੇ 'ਚ ਸ਼ਾਮਲ ਅਤਿਵਾਦੀ ਇਸੇ ਸੁਰੰਗ ਵਿਚੋਂ ਦਾਖ਼ਲ ਹੋਏ ਸਨ। ਇਹ ਹਾਲ ਹੀ 'ਚ ਬਣਾਈ ਗਈ ਹੈ। ਹੁਣ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਅਤਿਵਾਦੀਆਂ ਦੀ ਮਦਦ ਲਈ ਉਨ੍ਹਾਂ ਕੋਲ ਕੋਈ ਗਾਈਡ ਵੀ ਸੀ। ਜਿਸ ਨੇ ਅਤਿਵਾਦੀਆਂ ਨੂੰ ਇਸ ਸੁਰੰਗ ਤੋਂ ਹਾਈਵੇ ਤਕ ਪਹੁੰਚਾਇਆ। ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਜੰਮੂ ਦੇ ਨਾਗਰੋਟਾ 'ਚ ਚਾਰ ਅਤਿਵਾਦੀਆਂ ਨੂੰ ਮਾਰ ਦਿਤਾ ਸੀ। ਚਾਰੇ ਅਤਿਵਾਦੀ ਬਾਰੂਦ ਅਤੇ ਹਥਿਆਰਾਂ ਨਾਲ ਜੰਮੂ ਤੋਂ ਸ੍ਰੀਨਗਰ ਜਾ ਰਹੇ ਸਨ। ਸੁਰੱਖਿਆ ਬਲਾਂ ਨੇ ਨਾਗਰੋਟਾ ਦੇ ਬਾਨ ਟੋਲ ਪਲਾਜ਼ਾ 'ਤੇ ਇਕ ਟਰੱਕ ਨੂੰ ਰੋਕਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ । ਇਸ ਦੌਰਾਨ ਡਰਾਈਵਰ ਟਰੱਕ ਤੋਂ ਛਾਲ ਮਾਰ ਕੇ ਭੱਜ ਗਿਆ। ਇਸ ਤੋਂ ਬਾਅਦ ਜਵਾਨਾਂ ਨੇ ਹੋਰ ਜਾਂਚ ਸ਼ੁਰੂ ਕੀਤੀ, ਫਿਰ ਟਰੱਕ ਦੇ ਅੰਦਰੋਂ ਗੋਲੀਬਾਰੀ ਸ਼ੁਰੂ ਹੋ ਗਈ। ਤਕਰੀਬਨ ਦੋ ਘੰਟੇ ਦੀ ਮੁਠਭੇੜ ਤੋਂ ਬਾਅਦ, ਸੁਰੱਖਿਆ ਬਲਾਂ ਨੇ ਟਰੱਕ ਨੂੰ ਉਡਾ ਦਿਤਾ। ਟਰੱਕ ਚਾਵਲ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਸੀ ਅਤੇ ਅਤਿਵਾਦੀ ਇਸ ਦੇ ਅੰਦਰ ਬੈਠੇ ਸਨ। ਮੁਕਾਬਲੇ ਤੋਂ ਬਾਅਦ ਟਰੱਕ ਵਿਚੋਂ 4 ਅਤਿਵਾਦੀਆਂ ਦੀਆਂ ਲਾਸ਼ਾਂ ਬਾਹਰ ਕੱਢੀਆਂ। ਇਸ ਦੇ ਨਾਲ 11 ਏ.ਕੇ. 47 ਰਾਈਫ਼ਲਾਂ, 3 ਪਿਸਤੌਲ, 29 ਗ੍ਰਨੇਡ, 6 ਯੂਬੀਜੀਐਲ ਗ੍ਰਨੇਡ, ਮੋਬਾਈਲ ਫ਼ੋਨ, ਕੰਪਾਸ, ਪਿਠੂ ਬੈਗ ਬਰਾਮਦ ਕੀਤੇ ਗਏ। (ਪੀਟੀਆਈ)