ਪੰਜਾਬ ਵਿਚ ਯੂਰੀਆ ਖਾਦ ਦੀ ਕਮੀ ਲਈ ਕੇਂਦਰ ਦੇ ਨਾਲ-ਨਾਲ ਕੈਪਟਨ ਸਰਕਾਰ ਜ਼ਿੰਮੇਵਾਰ : ਹਰਸਿਮਰਤ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਮੁੱਖ ਮੰਤਰੀ ਵਲੋਂ ਸਮਾਂ ਰਹਿੰਦੇ ਪੁਪਤਾ ਇਤਜਾਮ ਨਾ ਕਰਨ ਕਾਰਨ ਪੈਦਾ ਹੋਈ ਕਿੱਲਤ

Harsimrat Kaur Badal

ਚੰਡੀਗੜ੍ਹ : ਰੇਲਬੰਦੀ ਕਾਰਨ ਯੂਰੀਆਂ ਖਾਦ ਕਿੱਲਤ ਨਾਲ ਜੂਝ ਰਹੇ ਕਿਸਾਨੀ ਦੇ ਹੱਕ ’ਚ ਹਾਂਅ ਦਾ ਨਾਅਰਾ ਮਾਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦਾ ਮਸਲਾ ਹੱਲ ਕਰਨ ਦੀ ਨਸੀਹਤ ਦਿਤੀ ਹੈ। ਯੂਰੀਆ ਖਾਦ ਦੀ ਕਿੱਲਤ ਲਈ ਮੁੱਖ ਮੰਤਰੀ ਨੂੰ ਜ਼ਿੰਮੇਵਾਰੀ ਦਸਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਯੂਰੀਆ ਖਾਦ ਦੀ ਕਿੱਲਤ ਲਈ ਜਿੱਥੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਉੱਥੇ ਹੀ ਸਮਾਂ ਰਹਿੰਦਾ ਢੁਕਵੇਂ ਕਦਮ ਨਾ ਚੁੱਕਣ ਕਾਰਨ ਸੂਬਾ ਸਰਕਾਰ ਵੀ ਬਰਾਬਰ ਦੀ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਅਣਗਹਿਲੀ ਦਾ ਖਮਿਆਜ਼ਾ ਕਿਸਾਨ ਭੁਗਤ ਰਹੇ ਹਨ, ਜਿਨ੍ਹਾਂ ਦੀਆਂ ਫਸਲਾਂ ਯੂਰੀਏ ਦੀ ਕਮੀ ਕਾਰਨ ਖਰਾਬ ਹੋ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਸਮਾਂ ਰਹਿੰਦੇ ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਕਦਮ ਚੁਕਣੇ ਚਾਹੀਦੇ ਸਨ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਬਾਹਰਲੇ ਸੂਬਿਆਂ ਤੋਂ ਝੋਨਾ ਪੰਜਾਬ ਅੰਦਰ ਆ ਸਕਦਾ ਹੈ ਤਾਂ ਯੂਰੀਆ ਖਾਦ ਕਿਉਂ ਨਹੀਂ ਆ ਸਕਦਾ। ਕੇਂਦਰ ਸਰਕਾਰ ਵਲੋਂ ਰੇਲਾਂ ਰੋਕਣ ਤੋਂ ਬਾਅਦ ਸੂਬਾ ਸਰਕਾਰ ਨੂੰ ਟਰੱਕਾਂ ਜਾਂ ਹੋਰ ਸਾਧਨਾਂ ਰਾਹੀਂ ਖਾਦਾਂ ਕਿਸਾਨਾਂ ਤਕ ਪਹੁੰਚਦੀਆਂ ਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਸੀ। 

ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਯੂਰੀਆਂ ਬਣਾਉਣ ਦੇ ਪਲਾਟ ਹਨ ਜਿੱਥੋਂ ਯੂਰੀਆਂ ਦੂਜੇ ਸੂਬਿਆਂ ਨੂੰ ਜਾਂਦਾ ਹੈ ਪਰ ਦੂਜੇ ਪਾਸੇ ਦੂਜੇ ਸੂਬਿਆਂ ਤੋਂ ਯੂਰੀਆਂ ਲੈਣ ਗਏ ਪੰਜਾਬ ਦੇ ਕਿਸਾਨਾਂ ਦੀਆਂ ਟਰਾਲੀਆਂ ਜ਼ਬਤ ਹੋ ਰਹੀਆਂ ਹਨ ਜਿਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ। ਮੁੱਖ ਮੰਤਰੀ ’ਤੇ ਫ਼ਾਰਮ ਹਾਊਸ ’ਚ ਅਰਾਮ ਫੁਰਮਾਉਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨੀ ਮਸਲੇ 'ਤੇ ਸਿਆਸਤ ਕਰ ਰਹੀ ਹੈ ਪਰ ਕਿਸਾਨਾਂ ਦੇ ਮਸਲਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ।

ਮੁੱਖ ਮੰਤਰੀ ਵੱਲ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਵੀ  ਕੈਪਟਨ ਸਰਕਾਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਲੜਾਈ ਅੱਗੇ ਹੋ ਕੇ ਲੜ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਸੂਬੇ ਦੇ ਲੋਕਾਂ ਦੀ ਬਿਹਤਰੀ ਲਈ ਫ਼ਾਰਮ ਹਾਊਸ ਤੋਂ ਨਿਕਲ ਕੇ ਆਪਣੇ ਨੈਤਿਕ ਫ਼ਰਜ਼ਾਂ ਦੀ ਪੂਰਤੀ ਕਰਨ ਤਾਂ ਜੋ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕੱਢਿਆ ਜਾ ਸਕੇ।