ਲਾਸ਼ ਨੂੰ ਵਰਤ ਕੇ, ਡੇਰਾ ਪ੍ਰੇਮੀਆਂ ਦਾ ਅਸਲ ਨਿਸ਼ਾਨਾ-ਸੌਦਾ ਸਾਧ ਨੂੰ ਕੇਸ ਤੋਂ ਬਚਾਉਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਡੀਜੀਪੀ ਦਿਨਕਰ ਗੁਪਤਾ ਕਰਨਗੇ ਬਠਿੰਡਾ ਦਾ ਦੌਰਾ

Protest by dera lovers

ਬਠਿੰਡਾ (ਸੁਖਜਿੰਦਰ ਮਾਨ) : ਦੋ ਦਿਨ ਪਹਿਲਾਂ ਜ਼ਿਲ੍ਹੇ ਦੇ ਕਸਬਾ ਭਗਤਾ ਭਾਈ ਵਿਖੇ ਦਿਨ-ਦਿਹਾੜੇ ਡੇਰਾ ਪ੍ਰੇਮੀ ਦੇ ਹੋਏ ਕਤਲ ਦਾ ਮਾਮਲਾ ਹੁਣ ਨਵਾਂ ਰੁਖ਼ ਲੈ ਗਿਆ ਹੈ। ਸੂਤਰਾਂ ਮੁਤਾਬਕ ਮ੍ਰਿਤਕ ਦੀ ਲਾਸ਼ ਡੇਰਾ ਸਲਾਬਤਪੁਰਾ ਰੱਖ ਕੇ ਅੰਤਮ ਸਸਕਾਰ ਨਾ ਕਰਨ ਪਿੱਛੇ ਅਸਲ ਮਕਸਦ ਹੁਣ ਸਰਕਾਰ ਨੂੰ ਬਲੈਕਮੇਲ ਕਰ ਕੇ ਸੌਦਾ ਸਾਧ ਤੇ ਹੋਰ ਪ੍ਰੇਮੀਆਂ ਨੂੰ ਬੇਅਦਬੀ ਕੇਸਾਂ ਵਿਚੋਂ ਬਾਹਰ ਕਢਵਾਉਣਾ ਹੈ ਤੇ ਇਸ ਮਨੋਰਥ ਦੀ ਪ੍ਰਾਪਤੀ ਲਈ ਹੀ ਸਾਰਾ ਸ਼ੋਰ ਸ਼ਰਾਬਾ ਕੀਤਾ ਜਾ ਰਿਹਾ ਹੈ।

ਡੇਰਾ ਪ੍ਰੇਮੀਆਂ ਨੇ ਹੁਣ ਬੇਅਦਬੀ ਦੇ ਕੇਸਾਂ ਵਿਚੋਂ ਅਪਣੇ ਪ੍ਰੇਮੀਆਂ ਦੇ ਨਾਮ ਬਾਹਰ ਕਢਣ ਦੀ ਮੰਗ ਰੱਖ ਦਿਤੀ ਹੈ। ਬੇਅਦਬੀ ਦੇ ਕੇਸਾਂ ਵਿਚ ਪ੍ਰੇਮੀਆਂ ਤੋਂ ਇਲਾਵਾ ਡੇਰਾ ਮੁਖੀ ਦਾ ਵੀ ਬਰਗਾੜੀ ਕਾਂਡ 'ਚ ਪੁਲਿਸ ਵਲੋਂ ਨਾਮ ਸ਼ਾਮਲ ਕੀਤਾ ਹੋਇਆ ਹੈ। ਪਤਾ ਲੱਗਾ ਹੈ ਕਿ ਇਸ ਮਾਮਲੇ ਵਿਚ ਸਰਕਾਰ ਨੇ ਹਾਲੇ ਤਕ ਡੇਰਾ ਪ੍ਰੇਮੀਆਂ ਨੂੰ ਕੋਈ ਭਰੋਸਾ ਨਹੀਂ ਦਿਤਾ ਗਿਆ।

ਉਧਰ ਇਹ ਵੀ ਸੂਚਨਾ ਮਿਲੀ ਹੈ ਕਿ ਮਾਮਲਾ ਲਮਕਦਾ ਵੇਖ ਕੇ ਪੰਜਾਬ ਪੁਲਿਸ ਦੇ ਮੁਖੀ ਵਲੋਂ ਵੀ ਬਠਿੰਡਾ ਦਾ ਦੌਰਾ ਕੀਤਾ ਜਾ ਰਿਹਾ ਹੈ। ਚਰਚਾ ਮੁਤਾਬਕ ਉਹ ਇਥੇ ਡੇਰਾ ਪ੍ਰਬੰਧਕਾਂ ਨੂੰ ਵੀ ਮਿਲ ਸਕਦੇ ਹਨ, ਹਾਲਾਂਕਿ ਪੁਲਿਸ ਅਫ਼ਸਰਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਡੇਰੇ ਨਾਲ ਜੁੜੇ ਸੂਤਰਾਂ ਨੇ ਪ੍ਰਗਟਾਵਾ ਕੀਤਾ ਕਿ ਸੀਬੀਆਈ ਵਲੋਂ ਪੇਸ਼ ਕੀਤੀ ਕਲੋਜ਼ਰ ਰੀਪੋਰਟ ਤੋਂ ਬਾਅਦ ਹੁਣ ਇਸ ਕਾਂਡ ਵਿਚ ਡੇਰਾ ਪ੍ਰੇਮੀਆਂ ਨੂੰ ਬਦਨਾਮ ਕਰਨ ਦੀ ਕੋਈ ਤੁਕ ਨਹੀਂ ਰਹਿ ਜਾਂਦੀ।

ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਇਕ ਮੈਂਬਰ ਨੇ ਦਾਅਵਾ ਕੀਤਾ ਕਿ ''ਪੰਜਾਬ ਸਰਕਾਰ ਨੇ ਮਹਿੰਦਰਪਾਲ ਬਿੱਟੂ ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਨਾਲ ਹੋਈਆਂ ਮੀਟਿੰਗਾਂ ਵਿਚ ਡੇਰਾ ਪ੍ਰੇਮੀਆਂ ਦੇ ਨਾਮ ਉਨ੍ਹਾਂ ਵਿਰੁਧ ਦਰਜ ਬੇਅਦਬੀ ਕੇਸਾਂ ਵਿਚੋਂ ਬਾਹਰ ਕੱਢਣ ਤੇ ਅੱਗੇ ਤੋਂ ਕਿਸੇ ਪ੍ਰੇਮੀ ਦਾ ਨਾਮ ਨਾਂ ਸ਼ਾਮਲ ਕਰਨ ਦਾ ਭਰੋਸਾ ਦਿਤਾ ਸੀ ਪੰੰ੍ਰਤੂ ਇਸ ਵਾਅਦੇ ਨੂੰ ਪੂਰਾ ਕਰਨ ਦੀ ਬਜਾਏ ਬਰਗਾੜੀ ਕਾਂਡ 'ਚ ਡੇਰਾ ਮੁਖੀ ਰਾਮ ਰਹੀਮ ਨੂੰ ਵੀ ਨਾਮਜ਼ਦ ਕਰ ਦਿਤਾ।''

ਜ਼ਿਕਰਯੋਗ ਹੈ ਕਿ ਪੰਜਾਬ 'ਚ ਹੁਣ ਤਕ ਹੋਏ ਬੇਅਦਬੀ ਦੇ ਕੇਸਾਂ ਵਿਚੋਂ ਸੱਤ ਮਾਮਲਿਆਂ ਵਿਚ ਡੇਰਾ ਪ੍ਰੇਮੀਆਂ ਦੇ ਨਾਮ ਸ਼ਾਮਲ ਹਨ। ਜਿਨ੍ਹਾਂ ਵਿਚ ਬਰਗਾੜੀ ਦੇ ਮੁੱਖ ਕਾਂਡ ਤੋਂ ਇਲਾਵਾ ਮੱਲਕੇ ਅਤੇ ਪੰਜ ਭਗਤਾ ਭਾਈ ਖੇਤਰ ਨਾਲ ਸਬੰਧਤ ਹਨ। ਇਨ੍ਹਾਂ ਕੇਸ ਵਿਚ ਕਥਿਤ ਮੁਜ਼ਰਮ ਬਣਾਏ ਗਏ ਦੋ ਡੇਰਾ ਪ੍ਰੇੇਮੀਆਂ ਦਾ ਕਤਲ ਹੋ ਚੁੱਕਾ ਹੈ, ਜਿਨ੍ਹਾਂ ਵਿਚ ਬਰਗਾੜੀ ਕਾਂਡ ਦਾ ਮੁੱਖ ਮੁਜ਼ਰਮ ਕਰਾਰ ਦਿਤਾ ਮਹਿੰਦਰਪਾਲ ਬਿੱਟੂ ਵੀ ਸ਼ਾਮਲ ਹੈ ਜਿਸ ਨੂੰ ਜੇਲ ਅੰਦਰ ਹੀ ਮਾਰ ਦਿਤਾ ਗਿਆ ਸੀ।

ਹੁਣ ਭਗਤਾ ਭਾਈ ਕਾਂਡ ਵਿਚ ਸ਼ਾਮਲ ਜਤਿੰਦਰਪਾਲ ਅਰੋੜਾ ਉਰਫ਼ ਜਿੰਮੀ ਦੇ ਪਿਤਾ ਮਨੋਹਰ ਲਾਲ ਅਰੋੜਾ ਦਾ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਉਸ ਦੀ ਦੁਕਾਨ ਵਿਚ ਕਤਲ ਕਰ ਦਿਤਾ ਸੀ। ਹਾਲਾਂਕਿ ਪੁਲਿਸ ਇਸ ਮਾਮਲੇ ਨੂੰ ਇਕੱਲਾ ਬੇਅਦਬੀ ਨਾਲ ਹੀ ਨਹੀਂ, ਬਲਕਿ ਲੈਣ-ਦੇਣ ਅਤੇ ਕਿਸੇ ਨਿਜੀ ਰੰਜਸ਼ ਨਾਲ ਵੀ ਜੋੜ ਕੇ ਜਾਂਚ ਕਰ ਰਹੀ ਹੈ। ਉਂਜ ਇਸ ਕਾਂਡ ਦੀ ਗੈਗਸਟਰ ਸੁੱਖਾ ਲੰਮੇਪੁਰ ਵਾਲਾ ਗਰੁਪ ਨੇ ਫ਼ੇਸਬੁੱਕ ਉਪਰ ਜ਼ਿੰਮੇਵਾਰੀ ਲੈ ਕੇ ਕਥਿਤ ਕਾਤਲਾਂ ਦੇ ਨਾਮ ਵੀ ਉਜਾਗਰ ਕੀਤੇ ਹਨ।

ਇਸ ਤੋਂ ਇਲਾਵਾ ਇਸ ਗਰੁਪ ਵਲੋਂ ਬੀਤੀ ਸ਼ਾਮ ਇਸੇ ਫ਼ੇਸਬੁੱਕ ਪੇਜ ਉਪਰ ਇਕ ਹੋਰ ਪੋਸਟ ਪਾ ਕੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਕਿਸੇ ਧਰਮ ਜਾਂ ਵਿਅਕਤੀ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ, ਬਲਕਿ ਉਨ੍ਹਾਂ ਵਲੋਂ ਮਨੋਹਰ ਲਾਲ ਅਰੋੜਾ ਦੇ ਕਤਲ ਦਾ ਮੁੱਖ ਕਾਰਨ ਉਸ ਦੇ ਪ੍ਰਵਾਰ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਸੀ।

ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸੁੱਖਾ ਗਿੱਲ ਲੰਮੇ ਗਰੁਪ ਨੇ ਅੱਜ ਫ਼ੇਸਬੁੱਕ 'ਤੇ ਇਕ ਹੋਰ ਪੋਸਟ ਪਾ ਕੇ ਧਰਨਾਕਾਰੀਆਂ 'ਤੇ ਹੱਲਾ ਬੋਲਿਆ। ਪੋਸਟ ਵਿਚ ਲਿਖਿਆ ਹੈ, ''ਆਹ ਜੋ ਸਲਾਬਤਪੁਰੇ ਧਰਨਾ ਲਾਈ ਬੈਠੇ ਆ, ਉਹ ਇਹ ਦਸਣ ਕਿ ਇਹਨੇ ਕੀ ਮਹਾਨ ਕੰਮ ਕਰਿਆ ਸੀ ਜਿਹੜਾ ਧਰਨਾ ਲਾਇਐ ਤੁਸੀਂ।

ਇਕ ਨਹੀਂ ਚਾਰ ਬੇਅਦਬੀਆਂ ਕੀਤੀਆਂ ਇਸ ਨੇ, ਭਗਤੇ ਜਾ ਕੇ ਪਤਾ ਕਰੋ ਕਿ ਬੇਅਦਬੀ ਵਿਚ ਇਸ ਦਾ ਹੱਥ ਸੀ ਕਿ ਇਸ ਦੇ ਕੱਲੇ ਮੁੰਡੇ ਦਾ? ਸਾਡਾ ਨਾ ਤਾਂ ਪ੍ਰੇਮੀਆਂ ਨਾਲ ਕੋਈ ਵੈਰ ਹੈ ਨਾ ਕਿਸੇ ਧਰਮ ਜਾਤ ਨਾਲ। ਸਾਡਾ ਤਾਂ ਵੈਰੀ ਉਹ ਆ ਜੋ ਸਿੱਖਾਂ ਵਿਰੁਧ ਜਾ ਕੇ ਸਾਡੇ ਗੁਰੂ ਦੀ ਬੇਅਦਬੀ ਕਰਦਾ ਹੈ ਜੇ ਹੋਰ ਕੋਈ ਵੀ ਇਸ ਤਰ੍ਹਾਂ ਕਰੇਗਾ ਤਾਂ ਉਸ ਨਾਲ ਵੀ ਇਹੀ ਹੋਊ। ਜੇ ਗੁਰੂ ਸਾਹਿਬ ਨੇ ਫਿਰ ਮੌਕਾ ਦਿਤਾ, ਫਿਰ ਕਰਾਂਗੇ।''