ਕਿਸਾਨਾਂ ਦਾ ਅਣਥੱਕ ਅੰਦੋਲਨ ਪਹੁੰਚਿਆ ਹਰ ਕੋਨੇ 'ਚ, ਦਿੱਲੀ ਧਰਨਾ ਵੀ ਜਰੂਰ ਹੋਵੇਗਾ ਸਫ਼ਲ - ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬੀਆਂ 'ਤੇ ਆਰਥਿਕ ਹਮਲਾ ਕਰ ਰਹੀ ਹੈ ਕੇਂਦਰ ਸਰਕਾਰ - ਨਵਜੋਤ ਸਿੱਧੂ

Navjot Sidhu

ਅੰਮ੍ਰਿਤਸਰ: ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਕਿਸਾਨੀ ਮਸਲਾ ਭਖਣ ਤੋਂ ਬਾਅਦ ਦੁਬਾਰਾ ਸਰਗਰਮ ਹੋ ਗਏ ਹਨ। ਉਹ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ-ਨਾਲ ਪੰਜਾਬ 'ਚ ਆਪਣੀ ਹੀ ਕਾਂਗਰਸ ਸਰਕਾਰ ਨੂੰ ਘੇਰਨ ਦਾ ਵੀ ਕੋਈ ਮੌਕਾ ਨਹੀਂ ਛੱਡ ਰਹੇ।  ਨਵਜੋਤ ਸਿੰਘ ਸਿੱਧੂ ਅੱਜ ਆਪਣੇ ਹਲਕੇ ਦੇ ਕਾਉਂਸਲਰ ਦੇ ਘਰ ਪਹੁੰਚੇ। ਇਥੇ ਉਹ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਵਰਕਰਾਂ ਨਾਲ ਮਿਲੇ ਅਤੇ ਕਿਹਾ ਕਿ ਸਾਡੀ ਲੜਾਈ ਕਿਸੇ ਨਾਲ ਨਿੱਜੀ ਨਹੀਂ, ਪ੍ਰਣਾਲੀ ਨਾਲ ਹੈ ਜਿਸ ਨੇ ਪਿਛਲੇ 25-30 ਸਾਲਾਂ ਤੋਂ ਪੰਜਾਬ ਨੂੰ ਤਬਾਹ ਕੀਤਾ ਹੋਇਆ ਹੈ।

ਉਨ੍ਹਾਂ ਕਿਹਾ ਹੁਣ ਸਿਰਫ਼ ਖੇਤੀਬਾੜੀ 'ਤੇ ਹਮਲਾ ਨਹੀਂ ਹੈ, ਸਗੋਂ ਸਾਡੀ ਹੋਂਦ 'ਤੇ ਹਮਲਾ ਹੈ। ਹੁਣ ਕੇਂਦਰ ਸਰਕਾਰ ਨੂੰ ਆਪਣੇ ਗੰਦੇ ਅਤੇ ਅੜੀਅਲ ਰਵੱਈਏ ਨੂੰ ਖ਼ਤਮ ਕਰਨਾ ਹੀ ਪਵੇਗਾ ਕਿਉਂਕਿ ਹੁਣ ਸਰਕਾਰ ਨੇ ਬਿਨ੍ਹਾਂ ਕਿਸੇ ਕਾਰਨ ਲੋਕਾਂ ਨੂੰ ਸਜ਼ਾ ਦੇਣਾ ਸ਼ੁਰੂ ਕਰ ਦਿੱਤਾ ਹੈ। ਪਰਾਲੀ ਨੂੰ ਸੰਭਾਲਣ ਲਈ 100 ਰੁਪਏ ਤੱਕ ਨਹੀਂ ਦਿੱਤੇ ਜਾਂਦੇ ਤੇ ਪਰਾਲੀ ਜਲਾਉਣ 'ਤੇ ਇਕ ਕਰੋੜ ਦਾ ਜੁਰਮਾਨਾ ਲਗਾ ਦਿੱਤਾ ਗਿਆ ਹੈ।

ਸਿੱਧੂ ਮੁਤਾਬਕ ਸਾਡੇ ਤੋਂ ਜੀਐਸਟੀ ਲੈ ਕੇ ਸਿਰਫ ਸਾਨੂੰ ਹੀ ਵਾਪਸ ਨਹੀਂ ਕੀਤੀ ਜਾ ਰਹੀ, ਸਗੋਂ ਸਾਡਾ ਸਾਰਾ ਕੁਝ ਲੁੱਟ ਕੇ ਚਾਰ ਕੁ ਵਪਾਰਕ ਘਰਾਣਿਆਂ ਨੂੰ ਦੇਣ ਦੀਆਂ ਸਾਜਿਸ਼ਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੁਮਰਾਹ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਜਿਸ ਪੰਜਾਬ ਨੂੰ ਅੱਜ ਬਲਿਊ ਪ੍ਰਿੰਟ ਦੀ ਲੋੜ ਹੈ, ਪਾਰਟੀਆਂ ਕਦੇ ਗਲਤ ਨਹੀਂ ਹੁੰਦੀਆਂ ਇਸ ਦੀ ਬਜਾਏ, ਜਿਹੜੇ ਇਸ ਨੂੰ ਚਲਾਉਂਦੇ ਹਨ ਉਹ ਗਲਤ ਹੁੰਦੇ ਹਨ।

ਆਉਣ ਵਾਲੇ ਸਮੇਂ 'ਚ ਹੋਰ ਜੰਗ ਛੇੜਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਦੱਸ ਦੀਏ ਕਿ ਨਵਜੋਤ ਸਿੱਧੂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਵੀ ਆਪਣੀ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿਚ ਉਹਨਾਂ ਨੇ ਕਿਹਾ ਕਿ ਕੇਂਦਰ ਇਹਨਾਂ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲ ਨਾਲ ਪੰਜਾਬੀਆਂ 'ਤੇ ਆਰਥਿਕ ਹਮਲਾ ਕਰ ਰਹੀ ਹੈ ਤੇ ਮਾਲ ਗੱਡੀਆਂ ਨੂੰ ਰੋਕ ਕੇ ਤੇ ਇਕਨਾਮਿਕ ਬਲੌਕਿਡ ਕਰ ਕੇ ਪੰਜਾਬ ਨੂੰ ਆਰਥਿਕ ਬਲੈਕਮੇਲ ਕਰ ਰਹੀ ਹੈ।

ਨਵਜੋਤ ਸਿੱਧੂ ਨੇ ਕੇਂਦਰ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਆਰਥਿਕ ਗੇਮ ਦੱਸਿਆ। ਉਹਨਾਂ ਕਿਹਾ ਕਿ ਕਿਸਾਨਾਂ ਦਾ ਅਣਥੱਕ ਅੰਦੋਲਨ ਕਿਸਾਨਾਂ ਨੂੰ ਹਰ ਇਕ ਕੋਨੇ ਵਿਚ ਲੈ ਗਿਆ ਹੈ। ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਕਿਸਾਨਾਂ ਦਾ ਦਿੱਲੀ ਦਾ ਧਰਨਾ ਜ਼ਰੂਰ ਕਮਾਯਾਬ ਹੋਵੇਗਾ ਤੇ ਕਿਸਾਨਾਂ ਦੇ ਇਸ ਸੰਘਰਸ਼ ਦਾ ਮੁੱਲ ਜ਼ਰੂਰ ਪਵੇਗਾ।