ਅੱਜ ਤੋਂ ਮੁੜ ਬਹਾਲ ਹੋਵੇਗੀ ਰੇਲ ਸੇਵਾ, ਨਵਜੋਤ ਮਾਹਲ ਨੇ ਲਿਆ ਟਾਂਡਾ ਰੇਲਵੇ ਸਟੇਸ਼ਨ ਦਾ ਜਾਇਜ਼ਾ

ਏਜੰਸੀ

ਖ਼ਬਰਾਂ, ਪੰਜਾਬ

ਜਲੰਧਰ ਪਠਾਨਕੋਟ ਰੇਲ ਮਾਰਗ 'ਤੇ ਸੁਰੱਖਿਆ ਅਤੇ ਟਰੈਕ ਨੂੰ ਕਲੀਅਰ ਰੱਖਣ ਲਈ ਐੱਸ. ਐੱਸ. ਪੀ. ਮਾਹਲ ਨੇ ਇਹ ਜਾਇਜ਼ਾ ਲਿਆ

Navjot Singh Mahal Tanda Railway Station Review

ਚੰਡੀਗੜ੍ਹ : ਕਿਸਾਨੀ ਸੰਘਰਸ਼ ਦੇ ਚਲਦਿਆਂ ਪੰਜਾਬ ਵਿਚ ਕਾਫ਼ੀ ਸਮੇਂ ਤੋਂ ਠੱਪ ਰੇਲਵੇ ਸੇਵਾ ਅੱਜ ਫਿਰ ਤੋਂ ਬਹਾਲ ਹੋਣ ਜਾ ਰਹੀ ਹੈ। ਰੇਲ ਮੰਤਰੀ ਪੀਊਸ਼ ਗੋਇਲ਼ ਨੇ ਇਸ ਸਬੰਧੀ ਟਵੀਟ ਕਰਕੇ ਜਾਣਕਾਰੀ ਵੀ ਸਾਂਝੀ ਕੀਤੀ ਹੈ ਅਤੇ ਰੇਲਾਂ ਚਲਾਉਣ ਤੋਂ ਪਹਿਲਾਂ ਕਈ ਥਾਈਂ ਰੇਲਵੇ ਸਟੇਸ਼ਨਾਂ ਦਾ ਜਾਇਜ਼ਾ ਵੀ ਲਿਆ ਗਿਆ ਹੈ। ਇਸ ਸਭ ਦੇ ਚਲਦੇ ਜ਼ਿਲ੍ਹਾ ਟਾਂਡਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਟਾਂਡਾ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਜਲੰਧਰ ਪਠਾਨਕੋਟ ਰੇਲ ਮਾਰਗ 'ਤੇ ਸੁਰੱਖਿਆ ਅਤੇ ਟਰੈਕ ਨੂੰ ਕਲੀਅਰ ਰੱਖਣ ਲਈ ਐੱਸ. ਐੱਸ. ਪੀ. ਮਾਹਲ ਨੇ ਇਹ ਜਾਇਜ਼ਾ ਲਿਆ। ਇਸ ਮੌਕੇ ਐੱਸ. ਐੱਸ. ਪੀ. ਨੇ ਪੁਲਿਸ ਅਤੇ ਜੀ. ਆਰ. ਪੀ. ਟੀਮ ਨੂੰ ਜ਼ਰੂਰੀ ਹਦਾਇਤਾਂ ਦੇਣ ਉਪਰੰਤ ਦੱਸਿਆ ਕਿ ਹੁਸ਼ਿਆਰਪੁਰ 'ਚ ਰੇਲ ਮਾਰਗ ਦਾ ਚੌਲਾਂਗ ਤੋਂ ਮਾਨਸਰ ਤੱਕ ਲਗਭਗ 50 ਕਿੱਲੋਮੀਟਰ ਦਾ ਏਰੀਆ ਪੈਂਦਾ ਹੈ ਅਤੇ ਟਰੈਕ ਬਿਲਕੁਲ ਕਲੀਅਰ ਅਤੇ ਠੀਕ ਹਨ।

ਰੇਲ ਟਰੈਕ ਦੀ ਸੁਰੱਖਿਆ ਲਈ ਐੱਸ. ਪੀ. ਟ੍ਰੈਫਿਕ ਐਂਡ ਆਪਰੇਸ਼ਨ ਅਤੇ ਡੀ. ਐੱਸ. ਪੀ. ਟਾਂਡਾ ਦਲਜੀਤ ਸਿੰਘ ਖੱਖ ਦੀ ਦੇਖ ਰੇਖ 'ਚ ਦਿਨ ਰਾਤ ਰੇਲਵੇ ਪੁਲਿਸ ਅਤੇ ਜੀ. ਆਰ. ਪੀ. ਐੱਫ. ਦੀਆਂ ਟੀਮਾਂ ਪਟਰੋਲਿੰਗ ਕਰ ਰਹੀਆਂ ਹਨ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਹ ਗੱਲ ਯਕੀਨੀ ਬਣਾਈ ਗਈ ਹੈ ਕਿ ਟਰੈਕ ਬਿਲਕੁਲ ਫ੍ਰੀ ਹਨ ਅਤੇ ਇਥੋਂ ਰੇਲਗੱਡੀਆਂ ਸਹੀ ਢੰਗ ਨਾਲ ਲੰਘ ਸਕਦੀਆਂ ਹਨ। ਇਸ ਮੌਕੇ ਡੀ. ਐੱਸ. ਪੀ. ਟਾਂਡਾ ਦਲਜੀਤ ਸਿੰਘ ਖੱਖ,ਥਾਣਾ ਮੁਖੀ ਗੜਦੀਵਾਲਾ ਬਲਵਿੰਦਰ ਪਾਲ, ਸੀਨੀਅਰ ਸੈਕਸ਼ਨ ਇੰਜੀਨਿਅਰ ਰਵੀ ਕੁਮਾਰ ਆਦਿ ਮੌਜੂਦ ਸਨ।