ਕੇਂਦਰ ਸਰਕਾਰ ਵਿਰੁਧ ਪੰਜਾਬ ਦੇ ਅਵਾਮ ਨੂੰ ਸਾਂਝੀ ਅਤੇ ਫ਼ੈਸਲਾਕੁਨ ਲੜਾਈ ਲੜਨੀ ਪਵੇਗੀ : ਦੀਪ ਸਿੱਧੂ
ਪਰਮਿੰਦਰ ਢੀਂਡਸਾ, ਸੁਖਪਾਲ ਖਹਿਰਾ ਸਮੇਤ ਨਾਮੀ ਗਾਇਕਾਂ ਨੇ ਸ਼ੰਭੂ ਬਾਰਡਰ ਧਰਨੇ 'ਚ ਕੀਤੀ ਸ਼ਮੂਲੀਅਤ
ਰਾਜਪੁਰਾ (ਗੁਰਸ਼ਰਨ ਵਿੱਰਕ) : ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾ ਦੇ ਖਿਲਾਫ ਦੀਪ ਸਿੱਧੂ ਦੀ ਅਗਵਾਈ ਚ ਸ਼ੰਭੂ ਬਾਰਡਰ ਤੇ ਲਗਾਏ ਧਰਨੇ ਅਤੇ 26 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਦੀ ਮਨਸ਼ਾ ਨਾਲ ਨੇੜਲੇ ਪਿੰਡ ਨੋਸਿਹਰਾ ਵਿਖੇ 20 ਨਵੰਬਰ ਤੋਂ ਅਖੰਡ ਪਾਠ ਸਾਹਿਬ ਅਰੰਭ ਅਤੇ ਭੋਗ ਉਪਰੰਤ ਸ਼ੰਭੂ ਧਰਨੇ ਵਾਲੇ ਸਥਾਨ ਤੇ ਰੱਖੇ ਇਕ ਸਮਾਗਮ ਵਿਚ ਸਮੁੱਚੇ ਪੰਜਾਬ ਤੋਂ ਵੱਖ-ਵੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰ ਕੇ ਦਿੱਲੀ ਜਾਣ ਲਈ ਰੂਪ ਰੇਖਾ ਤਿਆਰ ਕਰਦਿਆਂ ਆਪੋ-ਅਪਣੇ ਵਿਚਾਰ ਪੇਸ਼ ਕੀਤੇ।
ਇਸ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਅਪਣੇ ਸੰਬੋਧਨ ਕਿਹਾ ਕਿ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕਰ ਕੇ ਪੰਜਾਬ ਦੀ ਕਿਸਾਨੀ ਨੂੰ ਤਬਾਹ ਦੀ ਕੰਗਾਰ ਤੇ ਖੜਾ ਕਰਦਿਆਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਹੈ। ਇਸ ਮੌਕੇ ਸੁਖਪਾਲ ਸਿੰਘ ਖਹਿਰਾ ਨੇ ਕਿਸਾਨੀ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਥੇ ਪੰਜਾਬ ਅੱਜ ਅਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ, ਉਥੇ ਹੋਰ ਵੀ ਪੰਜਾਬ ਪਾਣੀਆਂ ਸਮੇਤ ਕਈ ਵੱਡੇ ਮਸਲੇ ਰਾਜ ਅਤੇ ਕੇਂਦਰ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੁੰਦਿਆਂ ਅਧੂਰੇ ਪਏ ਹਨ।
ਇਸ ਮੌਕੇ ਧਰਨੇ ਦੀ ਅਗਵਾਈ ਕਰ ਰਹੇ ਦੀਪ ਸਿੱਧੂ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਅਸੀਂ ਰਿਆਇਤਾਂ ਦੀ ਲੜਾਈ ਨਹੀਂ ਸਗੋਂ ਅਪਣੇ ਹੱਕਾਂ ਦੀ ਲੜਾਈ ਲੜਕੇ ਪੰਜਾਬ ਨੂੰ ਖ਼ੁਦਮੁਖਤਿਆਰੀ ਦੇ ਕਾਬਲ ਬਣਾ ਸਕਦੇ ਹਾਂ ਜਦਕਿ ਕੇਂਦਰ ਸਰਕਾਰ ਵਲੋਂ ਥੋਪੇ ਕਾਲੇ ਕਾਨੂੰਨਾਂ ਬਾਬਤ ਕਿਸਾਨੀ ਸੰਘਰਸ਼ ਇਕੱਲੇ ਪੰਜਾਬ ਦਾ ਨਹੀਂ ਸਗੋਂ ਦੇਸ਼ ਦੀਆਂ ਹੋਰਨਾਂ ਸੂਬਿਆਂ ਦਾ ਸੰਘਰਸ਼ ਵੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਤਕ ਪੰਜਾਬ ਕੋਲ ਅਪਣੀਆਂ ਨੀਤੀਆਂ ਘੜਨ ਦੇ ਹੱਕ ਨਹੀਂ ਹੋਣਗੇ ਉਨਾ ਚਿਰ ਪੰਜਾਬ ਦੇ ਹੱਕੀ ਮਸਲਿਆਂ ਨੂੰ ਕੇਂਦਰ ਸਰਕਾਰ ਅੱਖੋਂ ਪਰੋਖੇ ਕਰਦੀ ਰਹੇਗੀ ਜਿਸ ਕਰਕੇ ਪੰਜਾਬ ਦਾ ਅਵਾਮ ਜਿਥੇ ਸਾਂਝੀ ਅਤੇ ਫ਼ੈਸਲਾਕੁੰਨ ਲੜਾਈ ਲੜਨ ਲਈ ਸੜਕਾਂ 'ਤੇ ਉਤਰਿਆ ਹੈ, ਉਥੇ 26/27 ਨਵੰਬਰ ਨੂੰ ਦਿੱਲੀ ਵੱਲ ਕੂਚ ਕਰਨ ਲਈ ਵਹੀਰਾਂ ਘੱਤ ਕੇ ਸ਼ਮੂਲੀਅਤ ਕਰੇਗਾ।
ਦੀਪ ਸਿੱਧੂ ਨੇ ਕਿਹਾ ਕਿ ਜੇਕਰ ਹੁਣ ਵੀ ਕਿਸਾਨ, ਮਜ਼ਦੂਰ, ਵਪਾਰੀ ਸਮੇਤ ਪੰਜਾਬ ਦਾ ਅਵਾਮ ਨਾ ਜਾਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਮੁੱਚੇ ਪੰਜਾਬ ਤੇ ਅੰਬਾਨੀ ਅਡਾਨੀ ਸਮੇਤ ਕਾਰਪੋਰੇਟ ਘਰਾਣੇ ਕਾਬਜ਼ ਹੋ ਕੇ ਪੰਜਾਬ ਦੀ ਹੋਂਦ ਨੂੰ ਖ਼ਤਮ ਕਰ ਦੇਣਗੇ ਅਤੇ ਰਾਜ ਵਿਚ ਜਾਇਦਾਦ ਦੇ ਮਾਲਕ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਕਾਰਪੋਰੇਟ ਘਰਾਣਿਆਂ ਡੂੰਘੀ ਸਾਜ਼ਸ਼ ਦੀ ਭੇਟ ਚੜ੍ਹ ਜਾਣਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸਾਨੀ ਅੰਦੋਲਨ ਦਾ ਹਿੱਸਾ ਬਣ ਕੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਅਪਣਾ ਯੋਗਦਾਨ । ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਢੀਂਡਸਾ, ਸੁਖਪਾਲ ਸਿੰਘ ਖਹਿਰਾ, ਤੇਜਿੰਦਰਪਾਲ ਸਿੰਘ ਸੰਧੂ, ਜੋਗਾ ਸਿੰਘ ਚੱਪੜ, ਜਸਵਿੰਦਰ ਸਿੰਘ, ਪ੍ਰੀਤ ਸੈਣੀ, ਭਾਈ ਮਨਧੀਰ ਸਿੰਘ, ਅਮਨ ਸੰਧੂ, ਜੈ ਸਿੰਘ, ਜਿਲ੍ਹਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਗਾਇਕ ਅਤੇ ਪ੍ਰਚਾਰਕਾਂ ਤੇ ਵੱਖ-ਵੱਖ ਜਥੇਬੰਦੀਆਂ ਆਗੂਆਂ ਮੌਜੂਦ ਸਨ।