ਕਾਂਗਰਸ ਦੇ 25 ਵਿਧਾਇਕ ਤੇ 2-3 ਸਾਂਸਦ 'ਆਪ' ਦੇ ਸੰਪਰਕ 'ਚ - ਅਰਵਿੰਦ ਕੇਜਰੀਵਾਲ
ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ ਕਰਵਾਵਾਂਗੇ ਪੰਜਾਬ ਦੇ ਖ਼ਜ਼ਾਨੇ ਦੀ ਜਾਂਚ, ਕਿਸ ਨੇ ਖਾਲੀ ਕੀਤਾ?- ਕੇਜਰੀਵਾਲ
ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅੱਜ ਪੰਜਾਬ ਦੌਰੇ ਦਾ ਦੂਜਾ ਦਿਨ ਹੈ ਤੇ ਅੱਜ ਉਹ ਅੰਮ੍ਰਿਤਸਰ ਪੁੱਜੇ ਜਿੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਕੇ ਵੱਡੇ ਐਲਾਨ ਕੀਤੇ ਤੇ ਵਿਰੋਧੀਆਂ ਨੂੰ ਨਿਸਾਨੇ 'ਤੇ ਲਿਆ। ਅਰਵਿੰਦ ਕੇਜਰੀਵਾਲ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ 25 ਵਿਧਾਇਕ ਅਤੇ 2-3 ਸਾਂਸਦ ਉਨ੍ਹਾਂ ਦੇ ਸੰਪਰਕ ਵਿਚ ਹਨ। ਜੇਕਰ ਦਲ ਬਦਲੀ ਦੀ ਗੱਲ ਹੈ ਤਾਂ ਸਾਡੇ ਤਾਂ 2 ਵਿਧਾਇਕ ਕਾਂਗਰਸ 'ਚ ਗਏ ਹਨ ਪਰ ਮੈਂ ਦਾਅਵਾ ਕਰਦਾ ਹਾਂ ਕਿ ਜੇਕਰ ਅਸੀਂ ਚਾਹੀਏ ਤਾਂ ਸ਼ਾਮ ਤੱਕ 25 ਵਿਧਾਇਕ 'ਆਪ' ਦਾ ਝਾੜੂ ਫੜ੍ਹ ਸਕਦੇ ਹਨ ਪਰ ਅਸੀਂ ਕਾਂਗਰਸ ਦਾ ਕੂੜਾ ਪਾਰਟੀ 'ਚ ਨਹੀਂ ਲਿਆਉਣਾ ਚਾਹੁੰਦੇ।
ਇਸ ਤੋਂ ਪਹਿਲਾਂ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਵੀ ਵੱਡਾ ਹਮਲਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸੱਜੇ ਪਾਸੇ ਟਰਾਂਸਪੋਰਟ ਮਾਫੀਆ ਤੇ ਖੱਬੇ ਪਾਸੇ ਰੇਤ ਮਾਫੀਆ ਬੈਠਾ ਹੁੰਦਾ ਹੈ ਤੇ ਜੇ ਚੰਨੀ ਅਪਣੀ ਕੈਬਨਿਟ ਨੂੰ ਸੰਭਾਲ ਲੈਣ ਤਾਂ ਸਭ ਠੀਕ ਹੋ ਜਾਵੇਗਾ। ਚੰਨੀ ਨੇ ਕਿਹਾ ਸੀ ਕਿ ਮੈਂ ਰੇਤ ਮਾਫ਼ੀਆ ਖ਼ਤਮ ਕਰ ਦਿੱਤਾ ਹੈ ਤੇ ਇਸੇ ਤਰ੍ਹਾਂ ਮੁਫ਼ਤ ਬਿਜਲੀ ਦਾ ਐਲਾਨ ਕੀਤਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਨਾ ਤਾਂ ਅਜੇ ਤੱਕ ਰੇਤ ਮਾਫ਼ੀਆ ਖ਼ਤਮ ਹੋਇਆ ਤੇ ਨਾ ਹੀ ਕਿਸੇ ਦਾ ਬਿਜਲੀ ਬਿੱਲ ਜ਼ੀਰੋ ਆਇਆ। ਉਨ੍ਹਾਂ ਕਿਹਾ ਕਿ ਇਹ ਕੰਮ ਸਿਰਫ਼ ਕੇਜਰੀਵਾਲ ਕਰ ਸਕਦਾ ਹੈ।
ਕੇਜਰੀਵਾਲ ਨੇ ਨਵਜੋਤ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਨਵਜੋਤ ਸਿੱਧੂ ਜਨਤਾ ਦੇ ਮੁੱਦੇ ਚੁੱਕ ਰਹੇ ਹਨ ਪਰ ਕਾਂਗਰਸ ਸਰਕਾਰ ਉਨ੍ਹਾਂ ਨੂੰ ਦਬਾਉਣ ’ਚ ਲੱਗੀ ਹੋਈ ਹੈ। ਪਹਿਲਾਂ ਉਸ ਦੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਲੱਗੇ ਹੋਏ ਸਨ ਅਤੇ ਹੁਣ ਚੰਨੀ ਲੱਗੇ ਹੋਏ ਹਨ। ਅੱਜ ਇਥੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ 'ਆਪ' ਦੀ ਸਰਕਾਰ ਆਉਣ 'ਤੇ ਅਧਿਆਪਕਾਂ ਲਈ 8 ਗਾਰੰਟੀਆਂ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੰਦਰ ਅਧਿਆਪਕਾਂ ਨੂੰ ਵਧੀਆ ਮਾਹੌਲ ਦੇਵਾਂਗੇ ਤੇ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਲੈ ਕੇ ਆਵਾਂਗੇ।
ਜਿੰਨੇ ਅਧਿਆਪਕ ਆਉਟ ਸੋਰਸ ਜਾਂ ਠੇਕੇ 'ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਅਧਿਆਪਕਾਂ ਦਾ ਤਬਾਦਲਾ ਉਨ੍ਹਾਂ ਦੀ ਮਨ ਮਰਜ਼ੀ ਅਨੁਸਾਰ ਘਰ ਦੇ ਨੇੜੇ ਕੀਤਾ ਜਾਵੇਗਾ।ਤਬਦੀਲੀ ਪਾਲਿਸੀ ਪਾਰਦਰਸ਼ੀ ਹੋਵੇਗੀ। ਅਧਿਆਪਕ ਸਿਰਫ਼ ਪੜ੍ਹਾਉਣ ਦਾ ਕੰਮ ਕਰਨਗੇ, ਨਾਨ ਟੀਚਿੰਗ ਦਾ ਸਾਰਾ ਕੰਮ ਵਾਪਸ ਲਿਆ ਜਾਵੇਗਾ।ਕੇਜਰੀਵਾਲ ਨੇ ਕਿਹਾ ਕਿ ਪੰਜਾਬ ਅੰਦਰ ਅਧਿਆਪਕਾਂ ਦੀਆਂ ਸਾਰੀਆਂ ਖ਼ਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਅਧਿਆਪਕਾਂ ਨੂੰ ਵਿਦੇਸ਼ਾਂ ਅਤੇ ਹੋਰ ਵੱਡੀਆਂ ਸੰਸਥਾਵਾਂ 'ਚ ਸਿਖਲਾਈ ਲਈ ਭੇਜਿਆ ਜਾਵੇਗਾ।ਅਧਿਆਪਕਾਂ ਦੀ ਪਰਮੋਸ਼ਨ ਸਮੇਂ ਅਨੁਸਾਰ ਹੋਵੇਗੀ।ਸਾਰੇ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਕੈਸ਼ਲੈੱਸ ਸਿਹਤ ਬੀਮਾ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਉਹਨਾਂ ਨੇ ਦਿੱਲੀ ਦੇ ਸਕੂਲਾਂ ਨੂੰ ਲੈ ਕੇ ਕਿਹਾ ਕਿ 2015 'ਚ ਦਿੱਲੀ ਵਿਚ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਸਕੂਲਾਂ ਦਾ ਬੁਰਾ ਹਾਲ ਸੀ ਪਰ ਅੱਜ ਦੇਖੋ 7 ਸਾਲ ਬਾਅਦ ਸਕੂਲਾਂ ਦੀ ਕਾਇਆ ਪਲਟ ਗਈ ਹੈ। ਦਿੱਲੀ ਦੇ ਸਕੂਲਾਂ ਦੀ ਚਰਚਾ ਦੇਸ਼ਾਂ-ਵਿਦੇਸ਼ਾਂ ਤੱਕ ਹੈ ਤੇ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਵੀ ਪਿੱਛੇ ਛੱਡਿਆ ਤੇ 99% ਨਤੀਜੇ ਦਿੱਤੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਸਕੂਲਾਂ ਨੂੰ ਵੀ ਨੰਬਰ ਵੰਨ ਬਣਾਇਆ ਜਾਵੇਗਾ।
ਇਸ ਦੇ ਨਾਲ ਹੀ ਉਹਨਾਂ ਨੇ ਸੀਐੱਮ ਚਿਹਰੇ ਨੂੰ ਲੈ ਕੇ ਕਿਹਾ ਕਿ ਉਹ ਸੀਐੱਮ ਚਿਹਰੇ ਦਾ ਐਲਾਨ ਬਾਕੀ ਪਾਰਟੀਆਂ ਤੋਂ ਪਹਿਲਾਂ ਤੇ ਸਹੀ ਸਮੇਂ 'ਤੇ ਕਰ ਦੇਣਗੇ।